ਚੰਡੀਗੜ੍ਹ: ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ‘ਚ ਨੁਮਾਇੰਦਗੀ ਦੇ ਮਾਮਲੇ ‘ਚ ਪੰਜਾਬ ਨੂੰ ਬਾਹਰ ਕਰ ਦਿੱਤਾ ਹੈ।ਕੇਂਦਰ ਦੇ ਇਸ ਫੈਸਲੇ ਨੂੰ ਪੰਜਾਬ ਦੇ ਹੱਕਾਂ ‘ਤੇ ਤਿੱਖਾ ਹਮਲਾ ਸਮਝਿਆ ਜਾ ਰਿਹਾ ਹੈ।ਇਸ ਫੈਸਲੇ ਮਗਰੋਂ ਪੰਜਾਬ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਕੇਂਦਰ ਸਰਕਾਰ ਵੱਲੋਂ BBMB ਦੇ ਨਿਯਮਾਂ ‘ਚ ਕੀਤੇ ਵੱਡਾ ਬਦਲਾਅ ਨੂੰ ਲੈ ਕੇ ਅਹਿਮ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਿਯਮਾਂ ‘ਚ ਸੋਧ ਕਰਕੇ ਪੰਜਾਬ ਦੀ ਦਾਵੇਦਾਰੀ ਖ਼ਤਮ ਕਰ ਦਿੱਤੀ ਹੈ।ਇਸਨੂੰ ਲੈ ਕੇ ਨਿਯਮਾਂ ‘ਚ ਕੀਤੀ ਸੋਧ ਦਾ ਵਿਰੋਧੀਆਂ ਨੇ ਵੀ ਇਤਰਾਜ਼ ਜਤਾਇਆ ਹੈ।
ਜਾਖੜ ਨੇ ਇਸ ਮਾਮਲੇ ‘ਤੇ ਟਵੀਟ ਕੀਤਾ ਹੈ।ਜਾਖੜ ਨੇ ਟਵੀਟ ਕਰ ਕਿਹਾ, “ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪਹਿਲੀ ਵਾਰ ਪੀਸੀਐਸ/ਐਚਸੀਐਸ ਦੀ ਥਾਂ 3 ਡੈਨਿਕ ਅਧਿਕਾਰੀ ਤਾਇਨਾਤ ਕੀਤੇ ਗਏ ਹਨ।ਬੀ.ਬੀ.ਐੱਮ.ਬੀ. ਦੇ ਨਿਯਮਾਂ ਨੂੰ ਪੰਜਾਬ ਦੇ ਨੁਕਸਾਨ ਲਈ ਬਦਲਿਆ ਗਿਆ ਹੈ।ਪਿਛਲੇ ਕੁਝ ਦਿਨਾਂ ਵਿੱਚ ਇਹ ਚਿੰਤਾਜਨਕ ਘਟਨਾਕ੍ਰਮ ਹੈ। ਪੰਜਾਬ ਤੋਂ ਯੋਜਨਾਬੱਧ ਢੰਗ ਨਾਲ ਚੰਡੀਗੜ੍ਹ ਅਤੇ BBMB ਤੋਂ ਉਸਦਾ ਦਾਅਵਾ ਖੋਹ ਲਿਆ ਗਿਆ ਹੈ।”ਜਾਖੜਾ ਨੇ ਪੰਜਾਬ ਦੇ ਲੀਡਰਾਂ ਨੂੰ ਅਪੀਲ ਕਰਦੇ ਕਿਹਾ, “ਮੈਂ ਅਪੀਲ ਕਰਦਾ ਹਾਂ ਕੈਪਟਨ ਅਮਰਿੰਦਰ, ਸੁਖਦੇਵ ਢਿੰਡਸਾ, ਭਗਵੰਤ ਮਾਨ, ਸੁਖਬੀਰ ਬਾਦਲ, ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ ਨੂੰ ਕਿ ਉਹ ਚੋਣਾਂ ਖਤਮ ਹੋਣ ਦੇ ਨਾਲ, ਰਾਜਨੀਤਿਕ ਮਤਭੇਦਾਂ ਨੂੰ ਦੂਰ ਕਰਨ ਅਤੇ ਪੰਜਾਬ ਦੇ ਹੱਕਾਂ ਨੂੰ ਕੁਚਲਣ ਲਈ ਦ੍ਰਿੜ ਇਰਾਦੇ ਵਾਲੇ ਹੰਕਾਰੀ ਕੇਂਦਰ ਵਿਰੁੱਧ ਪੰਜਾਬ ਦੇ ਹਿੱਤ ਲਈ ਹੱਥ ਮਿਲਾਉਣ।”