ਨਵੀਂ ਖੋਜ ਵਿੱਚ ਖੁਲਾਸਾ ਹੋਇਆ ਹੈ ਕਿ ਕਰੋਨਾ ਮਹਾਮਾਰੀ ਦੀ ਚੌਥੀ ਲਹਿਰ ਭਾਰਤ ਵਿਚ 22 ਜੂਨ ਤੋਂ ਸ਼ੁਰੂ ਹੋ ਸਕਦੀ ਹੈ। ਇਸ ਦਾ ਸਿਖ਼ਰ ਅਗਸਤ ਦੇ ਮੱਧ ਤੋਂ ਅਖੀਰ ਤੱਕ ਹੋਵੇਗਾ। ਆਈਆਈਟੀ-ਕਾਨਪੁਰ ਵੱਲੋਂ ਤਿਆਰ ਕੀਤੀ ਗਈ ਮਾਡਲਿੰਗ ਸਟੱਡੀ ਵਿੱਚ ਖੋਜਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ। ਇਸ ਸਟੱਡੀ ਦਾ ਹਾਲੇ ਵਿਸ਼ਾ ਮਾਹਿਰਾਂ ਵੱਲੋਂ ਅਧਿਐਨ ਕੀਤਾ ਜਾਣਾ ਹੈ।
ਹਾਸਲ ਜਾਣਕਾਰੀ ਮੁਤਾਬਕ ਕਾਨਪੁਰ ਆਈਆਈਟੀ ਦੇ ਗਣਿਤ ਤੇ ਅੰਕੜਾ ਵਿਭਾਗ ਨੇ ਇਹ ਸਟੱਡੀ ਤਿਆਰ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੌਥੀ ਲਹਿਰ ਦਾ ਅਸਰ ਸੰਭਾਵੀ ਨਵੇਂ ਕਰੋਨਾਵਾਇਰਸ ਸਰੂਪ ਦੇ ਉੱਭਰਨ ਉਤੇ ਨਿਰਭਰ ਕਰੇਗਾ। ਖੋਜ ਪੱਤਰ ਵਿਚ ਦੱਸਿਆ ਗਿਆ ਹੈ ਕਿ ਚੌਥੀ ਲਹਿਰ 22 ਜੂਨ 2022 ਤੋਂ ਲੈ ਕੇ 23 ਅਗਸਤ 2022 ਤੱਕ ਰਹਿ ਸਕਦੀ ਹੈ।
ਉਨ੍ਹਾਂ ਕਿਹਾ ਕਿ ਵੈਕਸੀਨ ਦੀ ਭੂਮਿਕਾ ਵੀ ਅਹਿਮ ਹੋਵੇਗੀ। ਲਾਗ ਦੇ ਕੇਸਾਂ ਦੀ ਗਿਣਤੀ ਟੀਕਾਕਰਨ ਉਤੇ ਵੀ ਨਿਰਭਰ ਹੋਵੇਗੀ। ਹਾਲ ਹੀ ਵਿਚ ਡਬਲਿਊਐਚਓ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਓਮੀਕਰੋਨ ਆਖ਼ਰੀ ਕੋਵਿਡ ਸਰੂਪ ਨਹੀਂ ਹੋਵੇਗਾ ਤੇ ਅਗਲਾ ਰੂਪ ਤੇਜ਼ੀ ਨਾਲ ਫੈਲਣ ਵਾਲਾ ਹੋ ਸਕਦਾ ਹੈ। ਆਈਆਈਟੀ ਕਾਨਪੁਰ ਦੀ ਟੀਮ ਨੇ ਹੀ ਭਾਰਤ ਵਿਚ ਤੀਜੀ ਲਹਿਰ ਆਉਣ ਦੀ ਸੰਭਾਵਨਾ ਬਾਰੇ ਜਾਣਕਾਰੀ ਦਿੱਤੀ ਸੀ। ਤੀਜੀ ਲਹਿਰ ਤਿੰਨ ਫਰਵਰੀ, 2022 ਵਿਚ ਆਈ ਸੀ।
ਪੰਜਾਬ ‘ਚ ਕਰੋਨਾ ਮ੍ਰਿਤਕਾਂ ਦਾ ਅੰਕੜਾ 17706 ’ਤੇ ਪਹੁੰਚਿਆ
ਪੰਜਾਬ ਵਿੱਚ ਕਰੋਨਾ ਮ੍ਰਿਤਕਾਂ ਦਾ ਅੰਕੜਾ 17706 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਸੋਮਵਾਰ ਨੂੰ ਸੂਬੇ ’ਚ 45 ਨਵੇਂ ਕੇਸ ਸਾਹਮਣੇ ਆਏ ਜਦੋਂਕਿ 86 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਸ ਸਮੇਂ ਸੂਬੇ ਵਿੱਚ 684 ਐਕਟਿਵ ਕੇਸ ਹਨ।
ਸਿਹਤ ਵਿਭਾਗ ਅਨੁਸਾਰ ਸੋਮਵਾਰ ਨੂੰ ਹੁਸ਼ਿਆਰਪੁਰ ਤੇ ਲੁਧਿਆਣਾ ’ਚ ਇਕ-ਇਕ ਜਣੇ ਦੀ ਕਰੋਨਾ ਕਰਕੇ ਮੌਤ ਹੋ ਗਈ। ਦੂਜੇ ਪਾਸੇ ਜਲੰਧਰ ’ਚ 9, ਫਾਜ਼ਿਲਕਾ, ਹੁਸ਼ਿਆਰਪੁਰ ’ਚ 6-6, ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ’ਚ 4-4, ਬਠਿੰਡਾ, ਮੁਹਾਲੀ ’ਚ 3-3, ਫਿਰੋਜ਼ਪੁਰ, ਮੁਕਤਸਰ ’ਚ 2-2, ਰੋਪੜ ਤੇ ਨਵਾਂ ਸ਼ਹਿਰ ’ਚ ਇੱਕ-ਇੱਕ ਵਿਅਕਤੀ ਕਰੋਨਾ ਪੌਜ਼ੇਟਿਵ ਪਾਇਆ ਗਿਆ।