ਡੇਰਾ ਬਾਬਾ ਨਾਨਕ (ਗੁਰਦਾਸਪੁਰ), 22 ਅਪ੍ਰੈਲ ( ਅੰਸ਼ੂ ਸ਼ਰਮਾ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਪੁਜਦਾ ਕਰਨ ਲਈ ਪਹਿਲਾਂ ਜਿਥੇ, ਜ਼ਿਲੇ ਦੇ ਸਲੇਮ ਖੇਤਰਾਂ ਵਿਚ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ, ਉਸ ਲੜੀ ਨੂੰ ਅਗਾਂਹ ਵਧਾਉਂਦਿਆਂ ਸਰਹੱਦੀ ਖੇਤਰ ਦੇ ਲੋਕਾਂ ਲਈ ਮੁਫਤ ਮੈਡੀਕਲ ਸਹੂਲਤਾਂ ਪੁਜਦੀਆਂ ਕੀਤੀਆਂ ਗਈਆਂ ਹਨ। ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਤੇ ਸਿਹਤ ਵਿਭਾਗ ਵਲੋਂ ਸਰਹੱਦੀ ਪਿੰਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿੰਘਪੁਰਾ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਸ੍ਰੀ ਹਰਪ੍ਰੀਤ ਸਿੰਘ ਐਸ.ਡੀ.ਐਮ ਡੇਰਾ ਬਾਬਾ ਨਾਨਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਐਸ.ਐਮ.ਓ ਡਾ. ਹਰਪਾਲ ਸਿੰਘ, ਸੀ.ਡੀ.ਪੀ.ਓ ਮੈਡਮ ਕੁਸਮ, ਪਿ੍ਰੰਸੀਪਲ ਕਮਲਜੀਤ ਸਿੰਘ, ਰਾਜੀਵ ਕੁਮਾਰ ਸਕੱਤਰ ਜ਼ਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਆਦਿ ਮੋਜੂਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਐਸ.ਡੀ.ਐਮ ਹਰਪ੍ਰੀਤ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲਾ ਵਾਸੀਆਂ ਤੇ ਖਾਸਕਰਕੇ ਸਰਹੱਦੀ ਤੇ ਸਲੱਮ ਏਰੀਏ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪੁਜਦਾ ਕਰਨ ਲਈ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਘਰ ਬੈਠਿਆਂ ਹੀ ਸਿਹਤ ਸਹੂਲਤਾਂ ਸੇਵਾਵਾਂ ਮੁਹੱਈਆ ਕੀਤੀਆਂ ਜਾ ਸਕਣ। ਉਨਾਂ ਦੱਸਿਆ ਕਿ ਅੱਡ ਡੇਰਾ ਬਾਬਾ ਨਾਨਕ ਦੇ ਸਰਹੱਦੀ ਖੇਤਰ ਦੇ ਲੋਕਾਂ ਦੀ ਸਹੂਲਤ ਲਈ ਮੈਡੀਕਲ ਕੈਂਪ ਲਗਾਇਆ ਗਿਆ ਸੀ, ਜਿਸ ਵਿਚ ਡਾਕਟਰਾਂ ਵਲੋਂ 95 ਮਰੀਜਾਂ ਨੂੰ ਚੈੱਕਅੱਪ ਕਰਨ ਤੋਂ ਬਾਅਦ ਮੁਫਤ ਦਵਾਈਆਂ ਦਿੱਤੀਆਂ। ਮੈਡੀਕਲ ਕੈਂਪ ਵਿਚ ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਦਾ ਪੂਰਾ ਧਿਆਨ ਰੱਖਣ ਅਤੇ ਮੈਡੀਕਲ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਰਾਜੀਵ ਸਿੰਘ ਸੈਕਰਟਰੀ ਜਿਲਾ ਰੈੱਡ ਕਰਾਸ ਸੁਸਾਇਟੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਆਦੇਸ਼ਾਂ ਤਹਿਤ ਸਰਹੱਦੀ ਖੇਤਰ ਡੇਰਾ ਬਾਬਾ ਨਾਨਕ ਤੋਂ ਇਲਾਵਾ ਇਸ ਤੋਂ ਪਹਿਲਾਂ ਗੁਰਦਾਸਪੁਰ, ਧਾਰੀਵਾਲ ਤੇ ਬਟਾਲਾ ਦੇ ਸਲੱਮ ਖੇਤਰ ਵਿਚ ਰਹਿੰਦੇ ਲੋਕਾਂ ਨੂੰ ਸਿਹਤ ਸਹੂਲਤਾਂ ਸੇਵਾਵਾਂ ਪੁਜਦਾ ਕਰਨ ਲਈ ਮੁਫਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ । ਉਨਾਂ ਕਿਹਾ ਕਿ ਜ਼ਿਲਾ ਰੈੱਡ ਕਰਾਸ ਸੁਸਾਇਟੀ ਹਮੇਸ਼ਾ ਲੋੜਵੰਦ ਲੋਕਾਂ ਦੀ ਸੇਵਾ ਕਰਨ ਵਿਚ ਮੋਹਰੀ ਰੋਲ ਨਿਭਾਉਂਦੀ ਹੈ ਤੇ ਮਨੁੱਖਤਾ ਦੀ ਸੇਵਾ ਲਈ ਤੱਤਪਰ ਰਹਿੰਦੀ ਹੈ।
ਇਸ ਮੌਕੇ ਮੁਫ਼ਤ ਮੈਡੀਕਲ ਕੈਂਪ ਵਿਚ ਦਵਾਈ ਲੈਣ ਆਏ ਲੋੜਵੰਦ ਮਰੀਜ਼ਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਸ਼ੁਰੂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਹੜੇ ਲੋਕ ਦੂਰ-ਢੁਰਾਢੇ ਦਵਾਈ ਲੈਣ ਨਹੀਂ ਜਾ ਸਕਦੇ ਹਨ, ਉਨਾਂ ਲੋਕਾਂ ਦੀ ਸਹੂਲਤ ਲਈ ਮੁਫਤ ਮੈਡੀਕਲ ਕੈਂਫ ਬਹੁਤ ਲਾਹੇਵੰਦ ਹਨ, ਇਸ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ।