ਚੰਡੀਗੜ੍ਹ, 9 ਜੂਨ :
ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਦੀ ਸਾਬਕਾ ਵਿਧਾਇਕਾ ਸ੍ਰੀਮਤੀ ਹਰਚੰਦ ਕੌਰ ਘਨੌਰੀ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਦੇ ਦੋਸ਼ ਹੇਠ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਹੈ।
ਕਾਂਗਰਸ ਦਾ ਇਹ ਐਕਸ਼ਨ ਸੰਗਰੂਰ ਪਾਰਲੀਮੈਂਟ ਸੀਟ ਦੀ 23 ਜੂਨ ਨੂੂੰ ਹੋਣ ਵਾਲੀ ਉਪ-ਚੋਣ ਤੋਂ ਪਹਿਲਾਂ ਸਾਹਮਣੇ ਆਇਆ ਹੈ। ਇੱਥੇ ਕਾਂਗਰਸ ਦੇ ਦਲਵੀਰ ਗੋਲਡੀ ਬਹੁਕੋਨੇ ਮੁਕਾਬਲੇ ਵਿੱਚ ਹਨ।
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨਾਲ ਸੰਬੰਧਤ ਮੰਨੀ ਜਾਂਦੀ ਸ੍ਰੀਮਤੀ ਹਰਚੰਦ ਕੌਰ 2012 ਵਿੱਚ ਮਹਿ ਕਲਾਂ ਰਾਖ਼ਵੇਂ ਹਲਕੇ ਤੋਂ ਕਾਂਗਰਸ ਟਿਕਟ ’ਤੇ ਚੋਣ ਜਿੱਤ ਕੇ ਵਿਧਾਇਕ ਬਣੇ ਸਨ।ਸੂਤਰਾਂ ਦਾ ਕਹਿਣਾ ਹੈ ਕਿ ਸ੍ਰੀਮਤੀ ਹਰਚੰਦ ਕੌਰ ਕਿਸੇ ਵੀ ਵੇਲੇ ਭਾਜਪਾ ਵਿੱਚ ਜਾ ਸਕਦੇ ਹਨ ਅਤੇ ਇਸ ਬਾਰੇ ਭਿਣਕ ਲੱਗਦਿਆਂ ਹੀ ਕਾਂਗਰਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।