ਨਵੀਂ ਦਿੱਲੀ, 14 ਜੂਨ –
ਲੰਘੀ 29 ਮਈ ਨੂੰ ਮਾਨਸਾ ਦੇ ਪਿੰਡ ਜਵਹਾਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਗਾਇਕ-ਰੈਪਰ ਸਿੱਧੂ ਮੂਸੇਵਾਲਾ ਦੇ ਕੇਸ ਵਿੱਚ ਪੰਜਾਬ ਪੁਲਿਸ ਦੇ ਹੱਥ ਅੱਜ ਇਕ ਵੱਡੀ ਕਾਮਯਾਬੀ ਲੱਗੀ ਹੈ।
ਪੰਜਾਬ ਪੁਲਿਸ ਹੁਣ ਸਿੱਧੂ ਮੂਸੇਵਾਲਾ ਕੇਸ ਵਿੱਚ ਲੋੜੀਂਦੇ ਨਾਮਵਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਵੱਲ ਚਾਲੇ ਪਾ ਚੁੱਕੀ ਹੈ।
ਪੰਜਾਬ ਪੁਲਿਸ ਦੀਆਂ 2 ਬੁੱਲੇਟ ਪਰੂਫ਼ ਗੱਡੀਆਂ ਵਿੱਚ ਲਾਰੈਂਸ ਬਿਸ਼ਨੋਈ ਸਵਾਰ ਹੈ ਅਤੇ 18 ਦੇ ਲੱਗਪਗ ਵਾਹਨਾਂ ਦਾ ਕਾਫ਼ਲਾ ਦਿੱਲੀ ਤੋਂ ਚੱਲ ਚੁੱਕਾ ਹੈ।
ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਪਹਿਲਾਂ ਲਾਰੈਂਸ ਬਿਸ਼ਨੋਈ ਦੀ ਗ੍ਰਿਫ਼ਤਾਰੀ ਦਾ ਰਾਹ ਪੱਧਰਾ ਕੀਤਾ ਗਿਆ ਅਤੇ ਫ਼ਿਰ ਉਸਦਾ ਇਕ ਦਿਨ ਦਾ ਟਰਾਂਜ਼ਿਟ ਰਿਮਾਂਡ ਵੀ ਦੇ ਦਿੱਤਾ ਗਿਆ। ਇਸ ਮਗਰੋਂ ਪੰਜਾਬ ਪੁਲਿਸ ਦੀ ਟੀਮ ਨੇ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਤੋਂ ਲਾਰੈਂਸ ਬਿਸ਼ਨੋਈ ਦਾ ਮੈਡੀਕਲ ਕਰਾਇਆ ਅਤੇ ਫ਼ਿਰ ਸਿੱਧੇ ਹੀ ਪੰਜਾਬ ਵੱਲ ਵਹੀਰਾਂ ਘੱਤ ਦਿੱਤੀਆਂ।
ਅੱਜ ਅੱਧੀ ਰਾਤ ਮਾਨਸਾ ਪੁੱਜਣ ਤਕ ਪੁਲਿਸ ਦਾ ਇਹ ਕਾਫ਼ਿਲਾ ਸੁਰੱਖ਼ਿਆ ਕਾਰਨਾਂ ਕਰਕੇ ਕਿਤੇ ਵੀ ਰੁਕੇਗਾ ਨਹੀਂ। ਅਦਾਲਤ ਨੇ ਲਾਰੈਂਸ ਦੇ ਵਕੀਲ ਦੀ ਬੇਨਤੀ ’ਤੇ ਪੁਲਿਸ ਨੂੰ ਇਹ ਵੀ ਹਦਾਇਤ ਕੀਤੀ ਕਿ ਉਸਨੂੰ ਹੱਥਕੜੀ ਅਤੇ ਬੇੜੀਆਂ ਵਿੱਚ ਹੀ ਲਿਜਾਇਆ ਜਾਵੇ ਕਿਉਂਕਿ ਉਸਨੇ ਖ਼ਦਸ਼ਾ ਜਤਾਇਆ ਸੀ ਕਿ ਇੰਜ ਨਾ ਕੀਤੇ ਜਾਣ ਦੀ ਸੂਰਤ ਵਿੱਚ ਲਾਰੈਂਸ ਬਿਸ਼ਨੋਈ ਦੇ ਦੌੜਣ ਦੀ ਕੋਸ਼ਿਸ਼ ਕਰਨ ਦਾ ਬਹਾਨਾ ਬਣਾ ਕੇ ਉਸਦਾ ਐਨਕਾਊਂਟਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਖ਼ੁਦ ਵੀ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਪੂਰੇ ਸੁਰੱਖ਼ਿਆ ਇੰਤਜ਼ਾਮ ਕੀਤੇ ਹੋਏ ਹਨ ਅਤੇ ਲਾਰੈਂਸ ਨੂੰ ਲਿਜਾਂਦੇ ਸਮੇਂ ਸਾਰੇ ਰਸਤੇ ਕਾਫ਼ਲੇ ਦੀ ਵੀਡੀਓਗਰਾਫ਼ੀ ਵੀ ਕੀਤੀ ਜਾਵੇਗੀ।
ਕਿਉਂਕਿ ਪੁਲਿਸ ਨੂੰ ਇਕ ਦਿਨ ਦਾ ਹੀ ਟਰਾਂਜ਼ਿਟ ਰਿਮਾਂਡ ਮਿਲਿਆ ਹੈ, ਇਸ ਲਈ ਪੁਲਿਸ ਵਾਸਤੇ ਇਹ ਜ਼ਰੂਰੀ ਹੈ ਕਿ ਉਹ 24 ਘੰਟਿਆਂ ਦੇ ਅੰਦਰ ਅੰਦਰ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰ ਸਕੇਗੀ।
ਜ਼ਿਕਰਯੋਗ ਹੈ ਕਿ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਦੀ ਅਗਵਾਈ ਵਾਲੀ ਇਕ ਟੀਮ ਪੰਜਾਬ ਦੇ ਐਡਵੋਕੇਟ ਜਨਰਲ ਸ੍ਰੀ ਅਨਮੋਲ ਰਤਨ ਸਿੱਧੂ ਸਣੇ ਅੱਜ ਦਿੱਲੀ ਪੁੱਜੀ ਹੋਈ ਸੀ ਜਿੱਥੇ ਦਿੱਲੀ ਪੁਲਿਸ ਵੱਲੋਂ ਰਿਮਾਂਡ ਦੀ ਸਮਾਪਤੀ ’ਤੇ ਅੱਜ ਲਾਰੈਂਸ ਬਿਸ਼ਨੋਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ।
ਲਾਰੈਂਸ ਨੂੰ ਦਿੱਲੀ ਪੁਲਿਸ ਵੱਲੋਂ ਪੇਸ਼ ਕੀਤੇ ਜਾਣ ’ਤੇ ਪੰਜਾਬ ਪੁਲਿਸ ਨੇ ਉਸ ਨੂੂੰ ਗ੍ਰਿਫ਼ਤਾਰ ਕਰਕੇ ਪੰਜਾਬ ਲਿਜਾਣ ਲਈ ਦੋ ਵੱਖ ਵੱਖ ਅਰਜ਼ੀਆਂ ਅਦਾਲਤ ਅੱਗੇ ਪੇਸ਼ ਕੀਤੀਆਂ ਜਿਨ੍ਹਾਂ ’ਤੇ ਭਖ਼ਵੀਂ ਬਹਿਸ ਹੋਈ। ਲਾਰੈਂਸ ਦੇ ਵਕੀਲਾਂ ਵੱਲੋਂ ਲਾਰੈਂਸ ਨੂੂੰ ਪੰਜਾਬ ਪੁਲਿਸ ਦੇ ਹਵਾਲੇ ਕੀਤੇ ਜਾਣ ਦਾ ਲਾਰੈਂਸ ਦੇ ਵਕੀਲਾਂ ਵੱਲੋਂ ਇਹ ਕਹਿ ਕੇ ਭਾਰੀ ਵਿਰੋਧ ਕੀਤਾ ਗਿਆ ਕਿ ਉਸਦਾ ਐਨਕਾਊਂਟਰ ਕੀਤਾ ਜਾ ਸਕਦਾ ਹੈ।
ਇਸ ਸਭ ਦੇ ਬਾਵਜੂਦ ਅਦਾਲਤ ਨੇ ਲਾਰੈਂਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦੇਣ ਦੇ ਹੁਕਮ ਸੁਣਾਏ ਅਤੇ ਹੁਣ ਲਾਰੈਂਸ ਨੂੰ ਪੰਜਾਬ ਲਿਆਉਣ ਲਈ ਅਦਾਲਤ ਵੱਲੋਂ ਟਰਾਂਜ਼ਿਟ ਰਿਮਾਂਡ ਦਿੱਤੇ ਜਾਣ ਵਿੱਚ ਕੁਝ ਸਮਾਂ ਜ਼ਰੂਰ ਲਾਇਆ ਗਿਆ ਪਰ ਅੰਤ ਇਹ ਰਿਮਾਂਡ ਵੀ ਦੇ ਦਿੱਤਾ ਗਿਆ।
- ਅਦਾਲਤ ਵਿੱਚ ਪੰਜਾਬ ਪੁਲਿਸ ਵੱਲੋਂ ਇਹ ਪੱਖ ਰੱਖਿਆ ਗਿਆ ਕਿ ਉਹ 2 ਬੁੱਲੇਟ ਪਰੂਫ਼ ਗੱਡੀਆਂ, ਹੋਰ 20 ਗੱਡੀਆਂ ਅਤੇ ਉੱਚ ਪੁਲਿਸ ਅਧਿਕਾਰੀਆਂ ਦੀ 50 ਦੀ ਪੁਲਿਸ ਨਫ਼ਰੀ ਨਾਲ ਲੈ ਕੇ ਆਏ ਹਨ ਅਤੇ ਸਾਰੇ ਰਸਤੇ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਜਾਵੇਗੀ।