ਗੁਰਦਾਸਪੁਰ, 21 ਜੂਨ (ਅੰਸ਼ੂ ਸ਼ਰਮਾ, ਸ਼ਿਵਾ) – ਸਥਾਨਕ ਫਿਸ਼ ਪਾਰਕ ’ਚ ਅੱਜ 8ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਪੰਤਜਲੀ ਯੋਗ ਸਮਿਤੀ ਅਤੇ ਭਾਰਤ ਸਵਾਭਿਮਾਨ ਟਰੱਸਟ ਨੇ ਆਯੂਸ਼ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਮਿਲ ਕੇ ਧੂਮਧਾਮ ਨਾਲ ਮਨਾਇਆ। ਇਸ ਵਿਚ ਵਿਸ਼ੇਸ਼ ਤੌਰ ’ਤੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਏ.ਡੀ.ਸੀ
ਅਮਨਦੀਪ ਕੌਰ, ਐੱਸ.ਐੱਸ.ਪੀ ਹਰਜੀਤ ਸਿੰਘ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ‘ਆਪ’ ਦੇ ਸੀਨੀਅਰ ਆਗੂ ਰਮਨ ਬਹਿਲ, ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਪਹੁੰਚੇ। ਇਸ ਦੌਰਾਨ ਪੰਤਜਲੀ ਯੋਗ ਸਮਿਤੀ ਤੋਂ ਰੋਹਿਤ ਉੱਪਲ, ਸ਼ਿਵ ਗੌਤਮ ਅਤੇ ਕੀਮਤੀ ਲਾਲ ਨੇ ਸਾਰਿਆਂ ਨੂੰ ਯੋਗਾ ਕਰਵਾਇਆ।ਇਸ ਮੌਕੇ ’ਤੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਅੱਜ ਗੁਰਦਾਸਪੁਰ ਵਿਚ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ 4 ਥਾਵਾਂ ’ਤੇ ਯੋਗ ਕੈਂਪ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਸਰੀਰ ’ਚੋਂ ਕਈ ਤਰਾਂ ਦੀਆਂ ਬੀਮਾਰੀਆਂ ਖ਼ਤਮ ਹੁੰਦੀਆਂ ਹਨ। ਯੋਗ ਮਾਨਸਿਕ ਤਣਾਅ ਘਟਾਉਂਦਾ ਹੈ। ਇਸ ਲਈ ਸਾਰਿਆਂ ਨੂੰ ਰੁਟੀਨ ਯੋਗਾ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਉਮਰ 59 ਸਾਲ ਤੋਂ ਉੱਪਰ ਹੈ ਅਤੇ ਉਹ ਰੋਜ਼ਾਨਾ ਨਿਯਮ ਨਾਲ ਯੋਗ ਕਰਕੇ ਬਿਲਕੁਲ ਤੰਦਰੁਸਤ ਹਨ।