ਹੁਣ ਵਾਹਨਾਂ ਦੀ ਰਜਿਸਟ੍ਰੇਸ਼ਨ ਅਤੇ ਕਰਜ਼ੇ ਲਈ ਲਗਾਇਆ ਜਾਵੇਗਾ ਅਗਲਾ ਕੈਂਪ-ਬਹਿਲ
ਗੁਰਦਾਸਪੁਰ, 27 ਜੂਨ (ਅੰਸ਼ੂ ਸ਼ਰਮਾ, ਸ਼ਿਵਾ) ਗੁਰਦਾਸਪੁਰ ਸ਼ਹਿਰ ਅਤੇ ਆਸਪਾਸ ਇਲਾਕੇ ਵਿਚ ਈ ਰਿਕਸ਼ਾ ਚਲਾਉਣ ਵਾਲੇ ਚਾਲਕਾਂ ਨੂੰ ਵੱਡੀ ਰਾਹਤ ਦੇਣ ਲਈ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਗੁਰਦਾਸਪੁਰ ਵਿੱਚ ਵੱਡਾ ਉਪਰਾਲਾ ਕੀਤਾ ਹੈ। ਇਸ ਤਹਿਤ ਅੱਜ ਖੱਤਰੀ ਭਵਨ ਗੁਰਦਾਸਪੁਰ ਵਿੱਚ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੇ ਉੱਦਮ ਸਦਕਾ ਰਮਨ ਬਹਿਲ ਨੇ ਵਿਸ਼ੇਸ਼ ਕੈਂਪ ਆਯੋਜਿਤ ਕਰਵਾਇਆ ਜਿੱਥੇ ਟਰਾਂਸਪੋਰਟ ਵਿਭਾਗ ਦੇ ਆਰਟੀਏ ਅਤੇ ਹੋਰ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਗੁਰਦਾਸਪੁਰ ਨਾਲ ਸਬੰਧਤ ਈ ਰਿਕਸ਼ਾ ਚਾਲਕਾਂ ਦੇ ਡਰਾਈਵਿੰਗ ਲਾਇਸੰਸ ਬਣਾਏ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਰਮਨ ਬਹਿਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗੁਰਦਾਸਪੁਰ ਨਾਲ ਸਬੰਧਤ ਈ ਰਿਕਸ਼ਾ ਚਾਲਕਾਂ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਦੱਸਿਆ ਸੀ ਈ ਰਿਕਸ਼ਾ ਚਾਲਕਾਂ ਦੇ ਲਾਈਸੈਂਸ ਬਣਨ ਵਿੱਚ ਸਮੱਸਿਆ ਪੇਸ਼ ਆ ਰਹੀ ਹੈ ਅਤੇ ਪੁਲਸ ਵਲੋਂ ਵੀ ਉਨ੍ਹਾਂ ਨੂੰ ਲਾਇਸੈਂਸ ਨਾ ਹੋਣ ਕਾਰਨ ਪ੍ਰੇਸ਼ਾਨ ਕੀਤਾ ਜਾਂਦਾ ਹੈ । ਰਮਨ ਬਹਿਲ ਨੇ ਦੱਸਿਆ ਕਿ ਉਸ ਦਿਨ ਹੀ ਉਨ੍ਹਾਂ ਨੇ ਈ ਰਿਕਸ਼ਾ ਚਾਲਕਾਂ ਨਾਲ ਵਾਅਦਾ ਕੀਤਾ ਸੀ ਕਿ ਕੁਝ ਹੀ ਦਿਨਾਂ ਵਿੱਚ ਇੱਕ ਵਿਸ਼ੇਸ਼ ਕੈਂਪ ਲਗਵਾ ਕੇ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਬਣਵਾ ਕੇ ਦਿੱਤੇ ਜਾਣਗੇ ਜਿਸ ਤਹਿਤ ਉਨ੍ਹਾਂ ਨੇ ਇਹ ਮਸਲਾ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੇ ਧਿਆਨ ਵਿੱਚ ਲਿਆਂਦਾ ਅਤੇ ਅੱਜ ਪ੍ਰਸ਼ਾਸਨ ਵੱਲੋਂ ਇੱਥੇ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ ਹੈ।
ਰਮਨ ਬਹਿਲ ਨੇ ਕਿਹਾ ਕਿ ਇਹ ਗ਼ਰੀਬ ਲੋਕ ਮਿਹਨਤ ਮੁਸ਼ੱਕਤ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਹਨ ਇਸ ਲਈ ਈ ਰਿਕਸ਼ਾ ਚਾਲਕਾਂ ਨੂੰ ਰਾਹਤ ਦੇਣ ਲਈ ਉਹ ਹਰ ਸੰਭਵ ਕਦਮ ਚੁੱਕਣਗੇ।
ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ ਜਿਸ ਤਹਿਤ ਹੁਣ ਆਮ ਲੋਕ ਆਰਟੀਏ ਦਫਤਰਾਂ ਵਿਚ ਜਾਣ ਦੀ ਬਜਾਏ ਆਨਲਾਈਨ ਹੀ ਡਰਾਈਵਿੰਗ ਲਾਈਸੰਸ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਜਿਹੜੇ ਈ ਰਿਕਸ਼ਾ ਚਾਲਕਾਂ ਦੇ ਲਾਇਸੈਂਸ ਬਣਾ ਦਿੱਤੇ ਗਏ ਹਨ ਉਹ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ। ਇਸ ਤੋਂ ਬਾਅਦ ਵੀ ਆਉਣ ਵਾਲੇ ਦਿਨਾਂ ਵਿੱਚ ਇਹ ਕਾਰਜ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਈ ਰਿਕਸ਼ਾ ਚਾਲਕਾਂ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਨੂੰ ਆਰ ਸੀ ਬਣਾਉਣ ਵਿਚ ਵੀ ਦਿੱਕਤ ਆ ਰਹੀ ਹੈ ਇਸ ਲਈ ਹੁਣ ਕੁਝ ਹੀ ਦਿਨਾਂ ਬਾਅਦ ਅਗਲਾ ਕੈਂਪ ਆਰ ਸੀ ਬਣਾਉਣ ਵੱਲ ਲਈ ਵੀ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਅਹਿਮ ਐਲਾਨ ਕਰਦਿਆਂ ਕਿਹਾ ਕਿ ਬਹੁਤ ਸਾਰੇ ਈ ਰਿਕਸ਼ਾ ਚਾਲਕ ਪ੍ਰਤੀ ਦਿਨ ਤਿੱਨ ਸੌ ਰੁਪਈਆ ਕਿਰਾਇਆ ਦੇ ਕੇ ਈ ਰਿਕਸ਼ਾ ਚਲਾ ਰਹੇ ਹਨ ਜਿਨ੍ਹਾਂ ਨੂੰ ਮਹੀਨੇ ਦਾ ਕਰੀਬ ਨੌੰ ਹਜ਼ਾਰ ਪਿਆ ਸਿਰਫ਼ ਕਿਰਾਏ ਵਜੋਂ ਹੀ ਦੇਣਾ ਪੈ ਰਿਹਾ ਹੈ। ਇਸ ਲਈ ਉਨ੍ਹਾਂ ਨੇ ਅੱਜ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਕੇ ਇਹ ਫ਼ੈਸਲਾ ਵੀ ਕੀਤਾ ਹੈ ਕਿ ਅਗਲੇ ਕੈਂਪ ਵਿਚ ਈ ਰਿਕਸ਼ਾ ਚਾਲਕਾਂ ਨੂੰ ਕਰਜ਼ੇ ਵੀ ਦਿਵਾਏ ਜਾਣਗੇ ਤਾਂ ਜੋ ਇਹ ਈ ਰਿਕਸ਼ਾ ਚਾਲਕ ਆਸਾਨ ਕਿਸ਼ਤਾਂ ਤੇ ਕਰਜ਼ੇ ਲੈ ਕੇ ਆਪਣੇ ਹੀ ਰਿਕਸ਼ੇ ਖ਼ਰੀਦ ਸਕਣ ਅਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਹੋਰ ਵੀ ਬਿਹਤਰ ਢੰਗ ਨਾਲ ਕਰ ਸਕਣ।
ਆਰ ਟੀ ਏ ਸੁਖਵਿੰਦਰ ਕੁਮਾਰ ਨੇ ਇਸ ਮੌਕੇ ਈ ਰਿਕਸ਼ਾ ਚਾਲਕਾਂ ਨੂੰ ਰੋਡ ਸੇਫਟੀ ਸੰਬੰਧੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਕਿਹਾ ਕਿ ਨਸ਼ੇ ਦਾ ਸੇਵਨ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਵਾਹਨ ਨਾ ਚਲਾਇਆ ਜਾਵੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਦਫਤਰ ਇੰਚਾਰਜ ਭਾਰਤ ਭੂਸ਼ਣ ਸ਼ਰਮਾ, ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ, ਬਲਾਕ ਪ੍ਰਧਾਨ ਹਿੱਤ ਪਾਲ ਸਿੰਘ, ਜ਼ਿਲ੍ਹਾ ਕੈਸ਼ੀਅਰ ਸੁਗਰੀਵ ਅਤੇ ਖੱਤਰੀ ਸਭਾ ਦੇ ਪ੍ਰਧਾਨ ਨਰਿੰਦਰ ਕੋਹਲੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।