ਬਟਾਲਾ ਸ਼ਹਿਰ ਦੇ ਹਰ ਦੁਕਾਨਦਾਰ, ਹੋਰ ਪ੍ਰਾਈਵੇਟ ਵਪਾਰਿਕ ਅਦਾਰਿਆਂ ਅਤੇ ਰੇਹੜੀ ਲਗਾ ਕੇ ਸਮਾਨ ਵੇਚਣ ਵਾਲੇ ਮਾਲਕਾਂ ਨੂੰ ਬਾਜ਼ਾਰਾਂ ਵਿੱਚ ਕੀਤੇ ਨਾਜਾਇਜ਼ ਕਬਜ਼ੇ 29 ਜਨਵਰੀ 2023 ਤੱਕ ਹਟਾਉਣ ਦੇ ਹੁਕਮ ਜਾਰੀ
ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਬਰਖਿਲਾਫ 30 ਜਨਵਰੀ 2023 ਨੂੰ ਧਾਰਾ 188 ਆਈ.ਪੀ.ਸੀ ਅਤੇ ਹੋਰ ਬਣਦੀਆਂ ਧਰਾਵਾਂ ਹੇਠ ਸਬੰਧਤ ਪੁਲਿਸ ਸਟੇਸ਼ਨ ਵਿੱਚ ਪਰਚਾ ਦਰਜ ਕੀਤਾ ਜਾਵੇਗਾ
ਬਟਾਲਾ, 26 ਜਨਵਰੀ ( ਸੁਖਨਾਮ ਸਿੰਘ ਅਖਿਲ ਮਲਹੋਤਰਾ) ਕਮਿਸ਼ਨਰ, ਕਾਰਪੋਰੇਸ਼ਨ ਬਟਾਲਾ ਡਾ. ਸ਼ਾਇਰੀ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਟਾਲਾ ਸ਼ਹਿਰ ਦੇ ਹਰ ਦੁਕਾਨਦਾਰ, ਹੋਰ ਪ੍ਰਾਈਵੇਟ ਵਪਾਰਿਕ ਅਦਾਰਿਆਂ ਅਤੇ ਰੇਹੜੀ ਲਗਾ ਕੇ ਸਮਾਨ ਵੇਚਣ ਵਾਲੇ ਮਾਲਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਧੀਕ ਜ਼ਿਲ੍ਹਾ ਮੈਜਿਸਟੇਰਟ ਗੁਰਦਾਸਪੁਰ ਵਲੋਂ ਪ੍ਰਾਪਤ ਹੁਕਮਾਂ ਅਨੁਸਾਰ ਸ਼ਹਿਰ ਦੀ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਫੋਜ਼ਦਾਰੀ ਜਾਬਤਾ 1973 ਦੀ ਧਾਰਾ 144 ਅਧੀਨ ਹੁਕਮ ਪਾਸ ਕੀਤੇ ਗਏ ਹਨ। ਜਿਨਾਂ ਤਹਿਤ ਕੋਈ ਵੀ ਦੁਕਾਨਦਾਰ, ਪ੍ਰਾਈਵੇਟ ਵਪਾਰਿਕ ਅਦਾਰੇ ਦਾ ਮਾਲਕ ਆਪਣੀ ਦੁਕਾਨ ਦੇ ਸ਼ਟਰ ਤੋਂ ਬਾਹਰ ਆਪਣੀ ਦੁਕਾਨ ਦਾ ਕੋਈ ਵੀ ਸਮਾਨ ਬਾਹਰ ਸੜਕ ਤੇ ਨਹੀਂ ਰੱਖੇਗਾ। ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਦੇ ਸਾਹਮਣੇ ਕੋਈ ਰੇਹੜੀ ਕਾਰਪੋਰੇਸ਼ਨ ਦੀ ਪਰਮਿਸ਼ਨ ਤੋਂ ਬਿਨਾਂ ਨਹੀਂ ਲਗਾਏਗਾ। ਦੁਕਾਨ ਦੇ ਬਾਹਰ (ਦੁਕਾਨ ਦੇ ਉੱਪਰ) ਸੜਕ ਦੀ ਜਗ੍ਹਾ ਉੱਪਰ ਸ਼ੈਡ ਜਾਂ ਵਧਾ ਨਹੀਂ ਪਾਇਆ ਜਾਵੇਗਾ। ਜਿਨਾਂ ਰੇਹੜੀ ਵਾਲਿਆਂ ਨੂੰ ਜੋ ਜਗ੍ਹਾ ਰੇਹੜੀ ਲਗਾਉਣ ਲਈ ਅਲਾਟ ਹੋਈ ਹੈ, ਉਸ ਜਗ੍ਹਾ ਤੋਂ ਇਲਾਵਾ ਉਹ ਬਾਜ਼ਾਰ ਵਿੱਚ ਰੇਹੜੀ ਨਹੀਂ ਲਗਾਉਣਗੇ।
ਕਮਿਸ਼ਨਰ ਨਗਰ ਨਿਗਮ ਨੇ ਅੱਗੇ ਦੱਸਿਆ ਕਿ ਉਪਰੋਕਤ ਹੁਕਮ ਦੀ ਪਾਲਣਾ ਲਈ ਆਪ ਸਭ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਮਿਤੀ 29 ਜਨਵਰੀ 2023 ਦਿਨ ਐਤਵਾਰ ਤੱਕ ਇਸ ਹੁਕਮ ਦੀ ਪਾਲਣਾ ਕੀਤੀ ਜਾਵੇ। ਅਗਰ ਆਪ ਵਲੋਂ ਇਨਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਮਿਤੀ 30 ਜਨਵਰੀ 2023 ਦਿਨ ਸੋਮਵਾਰ ਨੂੰ ਹੁਕਮ ਨਾ ਮੰਨਣ ਵਾਲੇ ਭਾਵ ਆਪਣੀ ਦੁਕਾਨ ਦੇ ਸ਼ਟਰ ਤੋਂ ਬਾਹਰ ਦੁਕਾਨ ਦਾ ਸਮਾਨ ਬਾਹਰ ਰੱਖਣ ਵਾਲੇ, ਦੁਕਾਨ ਦੇ ਸਾਹਮਣੇ ਬਿਨਾਂ ਕਾਰਪੋਰੇਸ਼ਨ ਪਰਮਿਸ਼ਨ ਤੋਂ ਰੇਹੜੀ ਲਗਾਉਣ ਵਾਲੇ ਅਤੇ ਦੁਕਾਨ ਦੇ ਬਾਹਰ ਸੜਕ ਦੀ ਜਗ੍ਹਾ ਉੱਪਰ ਸੈੱਡ ਜਾਂ ਵਧਾ ਪਾਉਣ ਵਾਲੇ ਅਤੇ ਅਲਾਟ ਹੋਈ ਜਗ੍ਹਾ ਤੋਂ ਬਗੈਰ ਬਾਜ਼ਾਰਾਂ ਵਿੱਚ ਰੇਹੜੀ ਲਗਾਉਣ ਵਾਲੇ ਵਿਅਕਤੀਆਂ ਦੇ ਬਰਖਿਲਾਫ ਧਾਰਾ 188 ਆਈ.ਪੀ.ਸੀ ਅਤੇ ਹੋਰ ਬਣਦੀਆਂ ਧਰਾਵਾਂ ਹੇਠ ਸਬੰਧਤ ਪੁਲਿਸ ਸਟੇਸ਼ਨ ਵਿੱਚ ਪਰਚਾ ਦਰਜ ਕੀਤਾ ਜਾਵੇਗਾ।