ਬਟਾਲਾ ਬਣਿਆ ਫਿਰੌਤੀਆਂ, ਗੁੰਡਾਗਰਦੀ ਅਤੇ ਨਸ਼ੇ ਦਾ ਗੜ:- ਹੀਰਾ ਵਾਲੀਆ
ਬਟਾਲਾ, 16 ਮਾਰਚ (ਸੁਖਨਾਮ ਸਿੰਘ) – ਬੀਤੇ ਦਿਨ ਬਟਾਲਾ ਵਿੱਚ ਨੌਜਵਾਨ ਦੀ ਬੇਰਹਿਮੀ ਨਾਲ ਹੋਈ ਹੱਤਿਆਂ ’ਤੇ ਭਾਜਪਾ ਦੇ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਦਿਨੋਂ ਦਿਨ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੇ ਆਮ ਲੋਕਾਂ ਨੂੰ ਚਿੰਤਾ ਵਿੱਚ ਪਾਇਆ ਹੈ। ਹੀਰਾ ਵਾਲੀਆ ਨੇ ਅੱਗੇ ਕਿਹਾ ਕਿ ਪਤਾ ਲੱਗਾ ਹੈ ਕਿ ਇਸ ਨੌਜਵਾਨ ਦੀ ਹੱਤਿਆਂ ਦੂਜੇ ਨੌਜਵਾਨਾਂ ਨੂੰ ਨਸ਼ਾ ਕਰਨ ਤੋਂ ਰੋਕਣ ਕਰਕੇ ਹੋਈ ਹੈ ਜਿਸ ਤੋ ਇਹ ਸਾਫ ਹੁੰਦਾ ਹੈ ਕਿ ਨਸ਼ਿਆਂ ਕਾਰਨ ਸੂਬੇ ਦਾ ਨੌਜਵਾਨ ਕੁਰਾਹੇ ਪੈ ਗਿਆ ਹੈ ਅਤੇ ਬੇਕਸੂਰ ਲੋਕ ਇਸ ਦੇ ਨਤੀਜੇ ਭੁਗਤ ਰਹੇ ਹਨ। ਹੀਰਾ ਵਾਲੀਆ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਨਿੱਤ ਦਿਨ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ਸਰਕਾਰ ਦੇ ਅਮਨ ਕਾਨੂੰਨ ਦੇ ਪ੍ਰਬੰਧਾਂ ’ਤੇ ੳਂੁਗਲ ਚੁੱਕ ਰਹੀਆਂ ਹਨ ਪਰੰਤੂ ਪੰਜਾਬ ਦੀ ਅੰਨੀ ਬੋਲੀ ਸਰਕਾਰ ਪੂਰੀ ਤਰਾਂ ਅਸਫ਼ਲ ਸਾਬਤ ਹੋ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਨਸ਼ਿਆਂ ਕਾਰਨ ਕਈ ਨੌਜਵਾਨ ਅਪਰਾਧ ਦੇ ਰਸਤੇ ’ਤੇ ਚਲੇ ਜਾਂਦੇ ਹਨ ਅਤੇ ਉਹ ਨਸ਼ਿਆਂ ਦੀ ਪੂਰਤੀ ਲਈ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਉਹਨਾਂ ਅੱਗੇ ਕਿਹਾ ਕਿ ਆਪ ਸਰਕਾਰ ਦੇ 2 ਸਾਲ ਦੇ ਕਾਰਜਕਾਲ ਦੌਰਾਨ ਜਿੱਥੇ ਅਪਰਾਧਿਕ ਘਟਨਾਵਾਂ ਵਧੀਆਂ ਹਨ ਉਥੇ ਹੀ ਗੈਂਗਸਟਰ ਦਿਨ ਦਿਹਾੜੇ ਲੋਕਾਂ ਨੂੰ ਧਮਕਾ ਕੇ ਫਿਰੌਤੀਆਂ ਲੈ ਰਹੇ ਹਨ। ਜੋ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਹੜ ਵੱਗ ਰਿਹਾ ਹੈ ਅਤੇ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਹੈ ਅਤੇ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਿਹਾ ਹੈ। ਜਿਨਾਂ ਮਾਵਾਂ ਦੇ ਪੁੱਤ ਮਰ ਰਹੇ ਹਨ ਉਹਨਾਂ ਮਾਵਾਂ ਦੇ ਹਾਲ ਦੇਖੇ ਨਹੀਂ ਜਾ ਰਹੇ। ਬਟਾਲਾ ਦੇ ਅੰਦਰ ਪੰਜਾਬ ਵਿੱਚ ਸਭ ਤੋਂ ਜਿਆਦਾ ਵਾਰਦਾਤਾ ਨਸ਼ੇ ਦੇ ਕਾਰਨ ਅਤੇ ਲੁੱਟਾਂ ਖੋਹਾਂ ਫਰੋਤੀਆਂ ਦੇ ਕਾਰਨ ਹੋ ਰਹੀਆਂ ਹਨ। ਲਾ ਐਂਡ ਆਰਡਰ ਦੀ ਸਥਿਤੀ ਬਿਲਕੁਲ ਬੇਕਾਬੂ ਹੋ ਚੁੱਕੀ ਹੈ। ਪ੍ਰਸ਼ਾਸਨ ਅਤੇ ਸਰਕਾਰ ਨਸ਼ਾ ਰੋਕਣ ਦੇ ਵਿੱਚ ਸਿਰਫ ਖਾਨਾ ਪੂਰਤੀ ਕਰ ਰਹੀ ਹੈ ਅਤੇ ਵੱਡੇ ਮਗਰਮੱਛਾਂ ਦੇ ਹੌਸਲੇ ਬੁਲੰਦ ਹਨ ਜਿਹੜੀ ਪ੍ਰਸ਼ਾਸਨ ਅਤੇ ਸਰਕਾਰ ਦੀ ਪਹੁੰਚ ਤੋਂ ਕੋਸਾਂ ਦੂਰ ਹਨ।ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੂਰੀ ਤਰਾਂ ਅਸਫ਼ਲ ਸਾਬਤ ਹੋਈ ਹੈ ਜਿਸ ਕਾਰਨ ਪੰਜਾਬ ਦੇ ਹਾਲਾਤ ਦਿਨੋਂ ਦਿਨ ਵਿਗੜ ਰਹੇ ਹਨ। ਹੀਰਾ ਵਾਲੀਆ ਨੇ ਕਿਹਾ ਕਿ ਭਾਜਪਾ ਵਲੋਂ ਬਟਾਲਾ ਅੰਦਰ ਨੌਜਵਾਨ ਦੀ ਹੱਤਿਆਂ ਦੇ ਰੋੋਸ ਵਿੱਚ ਜਲਦ ਕੈਂਡਲ ਮਾਰਚ ਕੱਢਿਆ ਜਾਵੇਗਾ। ਇਸ ਮੌਕੇ ਜਿਲਾ ਮਹਾ ਮੰਤਰੀ ਰੋਸ਼ਨ ਲਾਲ, ਸ਼ਹਿਰੀ ਮੰਡਲ ਪ੍ਰਧਾਨ ਪੰਕਜ ਸ਼ਰਮਾ, ਕਿਸਾਨ ਮੋਰਚਾ ਮੀਤ ਪ੍ਰਧਾਨ ਪੰਜਾਬ ਬਿਕਰਮਜੀਤ ਸਿੰਘ ਰੰਧਾਵਾ,ਕੋ ਕਨਵੀਨਰ ਪੰਜਾਬ ਯੂਵ ਮੌਰਚਾ ਨਿਤਿਨ ਸ਼ਰਮਾ, ਸਿਵਲ ਲਾਈਨ ਮੰਡਲ ਪ੍ਰਧਾਨ ਅਮਨਦੀਪ ਸਿੰਘ, ਸੰਦੀਪ ਬਾਵਾ, ਦੀਪਕ ਜੋਸ਼ੀ ਜਿੱਥੇ ਹਾਜ਼ਰ ਸਨ।