ਆਮ ਆਦਮੀ ਪਾਰਟੀ ਛੱਡ ਕੇ ਆਏ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਜੀ ਆਇਆ ਕਿਹਾ ਗਿਆ
ਮੋਹਾਲੀ (ਗੁਰਪ੍ਰੀਤ ਸਿੰਘ)ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਮੋਹਾਲੀ (ਸਾਹਿਬਜਾਦਾ ਅਜੀਤ ਸਿੰਘ ਨਗਰ) ਸੁਖਵਿੰਦਰ ਸਿੰਘ ਭਾਟੀਆ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਏ ਨੌਜਵਾਨਾਂ ਨੂੰ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਕੁੰਬੜਾ, ਸਰਦਾਰ ਬਲਕਾਰ ਸਿੰਘ ਭੁੱਲਰ ਮੈਂਬਰ ਪੀ.ਏ.ਸੀ., ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤਲਵਿੰਦਰ ਸਿੰਘ ਅਤੇ ਬਾਬਾ ਬਲਬੀਰ ਸਿੰਘ ਸੁਹਾਣਾ ਵੱਲੋਂ ਮਿਲ ਕੇ ਜੀਓ ਆਇਆਂ ਆਖਿਆ ਗਿਆ ਤੇ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ।
ਪਾਰਟੀ ਦੇ ਅਹਿਮ ਮੈਂਬਰਾਂ ਵੱਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਗਿਆ ਕਿ ਨੌਜਵਾਨ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ+ਭਾਜਪਾ ਤੋਂ ਤੰਗ ਆ ਕੇ ਆਪ ਵਿੱਚ ਗਏ ਸਨ । ਪਰ ਅੱਜ 40 ਸਾਲ ਤੋਂ ਇੱਕ ਹੀ ਸਟੈਂਡ ‘ਤੇ ਕਾਇਮ ਸਰਦਾਰ ਸਿਮਰਨਜੀਤ ਸਿੰਘ ਮਾਨ ਕੋਲ ਆ ਗਏ ਹਨ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਦੀ ਗੱਲ ਕੀਤੀ ਹੈ ਅਤੇ ਹੋਰ ਵੀ ਲੋਕ ਉਨ੍ਹਾਂ ਨਾਲ ਜੁੜ ਰਹੇ ਹਨ।
ਪਾਰਟੀ ਨੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੂਝਵਾਨ ਉਮੀਦਵਾਰ ਸਰਦਾਰ ਕੁਸ਼ਲਪਾਲ ਸਿੰਘ ਮਾਨ ਨੂੰ ਉਤਾਰਿਆ ਹੈ ਜਿਨ੍ਹਾਂ ਦੇ ਪਿਤਾ ਸਰਦਾਰ ਜਸਵੰਤ ਸਿੰਘ ਮਾਨ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਅਤੇ ਬੈਂਕ ਆਫ ਪੰਜਾਬ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਸੀ। ਇਸ ਪ੍ਰਕਾਰ ਜਿਨ੍ਹਾਂ ਦਾ ਪਿਛੋਕੜ ਹੀ ਪੰਜਾਬੀਅਤ ਤੋਂ ਕੁਰਬਾਨ ਹੈ ਉਨ੍ਹਾਂ ਦੇ ਹੱਥ ਪੰਜਾਬ ਦੀ ਵਾਗਡੋਰ ਹੋਣ ਨਾਲ ਪੰਜਾਬ ਤਰੱਕੀ ਕਰ ਸਕੇਗਾ।
ਇਸ ਹਲਕੇ ਦੀ ਝੋਲੀ ਕਾਂਗਰਸ, ਆਪ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਨਮੋਸ਼ੀ ਹੀ ਪਾਈ ਹੈ। ਜੇਕਰ ਇਸ ਹਲਕੇ ਨੂੰ ਸੱਭ ਤੋਂ ਵੱਧ ਪੜ੍ਹਿਆ ਲਿਖਿਆ ਤੇ ਸੂਝਵਾਨ ਮੈਂਬਰ ਪਾਰਲੀਮੈਂਟ ਸਰਦਾਰ ਕੁਸ਼ਲਪਾਲ ਸਿੰਘ ਮਾਨ ਮਿਲ ਜਾਣ ਤਾਂ ਆਈ ਟੀ ਸੈਕਟਰ ਵਿੱਚ ਬੂਮ ਵਾਧਾ ਹੋ ਸਕਦਾ ਹੈ ਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ ਅੰਤਰਰਾਸ਼ਟਰੀ ਉਡਾਣਾਂ ਦੁਆਈਆਂ ਜਾ ਸਕਦੀਆਂ ਹਨ। ਅੱਜ ਜਿਹੜੇ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪੱਲਾ ਫੜ੍ਹਿਆ ਉਨ੍ਹਾਂ ਵਿੱਚ ਸ਼ਾਮ ਸਿੰਘ, ਸਮੀਤ ਸਿੰਘ, ਇੰਦਰ ਸਿੰਘ, ਮਨਦੀਪ ਸਿੰਘ, ਸੁੱਖੀ, ਸਿਮਰਨ ਸਿੰਘ, ਲੱਕੀ, ਕਾਕਾ ਸਿੰਘ, ਰੇਸ਼ਬ, ਵਿੱਕੀ ਤੇ ਮੈਣੀ ਨੌਜਵਾਨ ਸ਼ਾਮਿਲ ਹਨ।