ਬੱਚਿਆਂ ਦਾ ਮਾਮੂਲੀ ਝਗੜਾ ਹੋਣ ਤੇ ਗੋਲੀ ਮਾਰਕੇ ਹੱਤਿਆ ਕਰਨ ਵਾਲੇ 3 ਦੋਸ਼ੀ ਪੁਲਿਸ ਵੱਲੋਂ ਕਾਬੂ
ਮਜੀਠਾ,26ਸਤੰਬਰ( ਰਣਜੀਤ )-ਪੁਲਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਚਰਨਜੀਤ ਸਿੰਘ , ਡੀ ਐਸ ਪੀ ਮਜੀਠਾ ਜਸਪਾਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਕੱਥੂਨੰਗਲ ਦੇ ਐਸ ਐਚ ਓ ਮੈਡਮ ਖੁਸ਼ਬੂ ਸ਼ਰਮਾ ਦੀ ਅਗਵਾਈ ਹੇਠ ਥਾਣਾ ਕੱਥੂਨੰਗਲ ਦੀ ਪੁਲਸ ਨੇ ਬੀਤੇ ਦਿਨੀਂ ਮਾਮੂਲੀ ਤਕਰਾਰ ਪਿਛੋਂ ਪਿੰਡ ਸਰਹਾਲਾ ਦੇ ਰਹਿਣ ਵਾਲੇ ਭਗਵੰਤ ਸਿੰਘ ਨੰਬਰਦਾਰ ਪੁੱਤਰ ਸੋਹਣ ਸਿੰਘ ਨੂੰ ਆਪਣੇ ਸਾਥੀਆਂ ਸਮੇਤ ਉਸਦੇ ਘਰ ਚ ਦਾਖਲ ਹੋ ਕੇ ਆਪਣੇ ਲਾਇਸੰਸੀ ਪਿਸਤੋਲ ਨਾਲ ਗੋਲੀਆਂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰਨ ਵਾਲੇ ਕਥਿਤ ਦੋਸ਼ੀਆ ਅਮਨਪ੍ਰੀਤ ਸਿੰਘ ਪੁੱਤਰ ਬਖਤਾਵਰ ਸਿੰਘ , ਦਲੇਰ ਸਿੰਘ ਪੁੱਤਰ ਮਲਕੀਤ ਸਿੰਘ ਅਤੇ ਜਗਮਨਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਮਰੜੀ ਕਲਾਂ ਨੂੰ ਇਸ ਘਟਨਾ ਤੋਂ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਪੁਲਸ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦਸਿਆ ਕੇ ਮਾਮੂਲੀ ਤਕਰਾਰ ਤੋਂ ਬਾਅਦ 25 ਸਤੰਬਰ ਦੀ ਸ਼ਾਮ ਨੂੰ ਕਥਿਤ ਦੋਸ਼ੀ ਅਮਨਪ੍ਰੀਤ ਸਿੰਘ ਆਪਣੇ ਸਾਥੀ ਦਲੇਰ ਸਿੰਘ , ਜਗਮਨਪਰੀਤ ਸਿੰਘ ਤੇ ਹੋਰ ਸਾਥੀਆਂ ਨਾਲ ਸਵਿਫਟ ਕਾਰ ਚ ਸਵਾਰ ਹੋ ਕੇ ਭਗਵੰਤ ਸਿੰਘ ਵਾਸੀ ਸਰਹਾਲਾ ਦੇ ਘਰ ਗਿਆ ਤੇ ਉਸਨੂੰ ਆਪਣੇ ਲਾਇਸੰਸੀ ਪਿਸਤੋਲ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿੰਨ੍ਹਾਂ ਦੇ ਵਿਰੁੱਧ ਥਾਣਾ ਕੱਥੂਨੰਗਲ ਨੇ ਮੁਕੱਦਮਾ ਦਰਜ਼ ਕੀਤਾ ਗਿਆ ਸੀ ਅਤੇ ਸਖ਼ਤ ਮਿਹਨਤ ਤੋਂ ਬਾਅਦ ਅੱਜ ਥਾਣਾ ਕੱਥੂਨੰਗਲ ਦੀ ਪੁਲਸ ਨੇ ਉਕਤ ਤਿੰਨਾਂ ਦੋਸ਼ੀਆਂ ਨੂੰ ਵਾਰਦਾਤ ਵਿਚ ਵਰਤੇ ਗਏ ਪਿਸਤੋਲ ਅਤੇ ਸਵਿਫਟ ਕਾਰ ਨਾਲ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਅਤੇ ਬਾਕੀ ਦੋਸ਼ੀਆ ਦੀ ਭਾਲ ਜਾਰੀ ਹੈ।