ਆਖਿਰ ਕੌਣ ਹੋਵੇਗਾ ਬਟਾਲਾ ਹਲਕੇ ਤੋਂ ਕਾਂਗਰਸ ਪਾਰਟੀ ਦਾ ਵਾਲੀ ਵਾਰਸ !
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਾਂ ਫਿਰ ………….. !
ਬਟਾਲਾ ਹਲਕੇ ਤੋਂ ਕਾਂਗਰਸ ਦੀ ਉਲਝ ਚੁਕੀ ਸਿਆਸੀ ਸਥਿਤੀ ਨੂੰ ਲੈਕੇ ਸੀਨੀਅਰ ਕਾਂਗਰਸੀ ਆਗੂ ਯੁੱਧਬੀਰ ਸਿੰਘ ਮਾਲਟੂ ਨੂੰ ਸਿੱਧੇ ਸਵਾਲ ।
ਬਟਾਲਾ, 4 ਮਾਰਚ (ਸੁਖਨਾਮ ਸਿੰਘ ) – ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਏ ਨਤੀਜਿਆਂ ਤੋਂ ਬਾਅਦ ਚੋਣ ਪ੍ਰਚਾਰ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਤੋ ਦਿੱਲੀ ਗਏ ਆਗੂਆਂ ਦੀ ਬੇਹੱਦ ਖ਼ਰਾਬ ਕਾਰਗੁਜ਼ਾਰੀ ਅਤੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਆਪ ਪਾਰਟੀ ਦੀ ਇਸ ਬੁਰੀ ਤਰ੍ਹਾਂ ਨਾਲ ਹੋਈ ਹਾਰ ਤੋਂ ਬਾਅਦ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਧਿਆਨ ਪੰਜਾਬ ਦੀ ਸਿਆਸਤ ਵੱਲ ਕੇਂਦਰਿਤ ਹੋਇਆ ਪਿਆ ਹੈ ਜਿਸ ਤਹਿਤ ਕਾਂਗਰਸ ਪਾਰਟੀ ਵਲੋਂ ਵੀ ਪੰਜਾਬ ਦੇ ਸਮੁੱਚੇ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਦੇ ਆਗੂਆਂ ਨੂੰ ਥਾਪੜਾ ਦਿੱਤਾ ਜਾ ਚੁੱਕਾ ਹੈ ਪਰ ਗੱਲ ਜੇਕਰ ਵਿਧਾਨ ਸਭਾ ਹਲਕਾ ਬਟਾਲਾ ਦੀ ਕਰੀਏ ਤਾਂ ਅਜੇ ਤੱਕ ਇਸ ਹਲਕੇ ਦਾ ਕਾਂਗਰਸ ਪਾਰਟੀ ਦਾ ਕੋਈ ਵਾਲੀ ਵਾਰਸ ਨਹੀਂ ਲੱਭ ਸਕੀ ਕਾਂਗਰਸ ਪਾਰਟੀ ਪਰ ਵਰਕਰਾਂ ਅਤੇ ਸਥਾਨਕ ਆਗੂਆਂ ਵਿੱਚ ਉਤਸ਼ਾਹ ਪੂਰੀ ਤਰ੍ਹਾਂ ਭਰਿਆ ਨਜ਼ਰ ਜ਼ਰੂਰ ਆਉਂਦਾ ਪਿਆ ਹੈ।
1. ਸਵਾਲ – ਇਸ ਸਬੰਧੀ ਜਦ ਪੰਜਾਬ ਦੇ ਸੀਨੀਅਰ ਯੂਥ ਕਾਂਗਰਸੀ ਆਗੂ ਯੁੱਧਬੀਰ ਸਿੰਘ ਮਾਲਟੂ ਨੂੰ ਪੁੱਛਿਆ ਗਿਆ ਕਿ ਕਾਂਗਰਸ ਪਾਰਟੀ ਜਿਵੇਂ 2022 ‘ਚ ਆਪਸੀ ਪਾਟੋਧਾੜ ਕਾਰਨ ਬੂਰੀ ਤਰਾਂ ਹਾਰੀ ਸੀ ਜਿਸ ਸਮੇਂ ਬਟਾਲਾ ਤੋਂ ਪ੍ਰਮੁੱਖ ਦਾਅਵੇਦਾਰ ਉਸ ਸਮੇਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ , ਸਾਬਕਾ ਮੰਤਰੀ ਅਸ਼ਵਨੀ ਸੇਖੜੀ ਅਤੇ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਸਨ ਪਰ ਟਿਕਟ ਦੇ ਇਹਨਾਂ ਦਾਅਵੇਦਾਰਾਂ ਦੀ ਆਪਸੀ ਮੁਕਾਬਲੇਬਾਜ਼ੀ ਕਾਰਨ ਕਾਂਗਰਸ ਪਾਰਟੀ ਨੂੰ ਬਟਾਲਾ ਹਲਕੇ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ?
ਜਵਾਬ – ਕਾਂਗਰਸ ਪਾਰਟੀ ਦੇ ਯੁੱਧਬੀਰ ਮਾਲਟੂ ਨੇ ਕਿਹਾ ਕਿ ਆਪਸੀ ਮੁਕਾਬਲੇਬਾਜ਼ੀਆਂ ਤਾਂ ਅੱਜਕਲ੍ਹ ਦੀ ਸਿਆਸਤ ਵਿੱਚ ਹਰੇਕ ਰਾਜਨੀਤਕ ਪਾਰਟੀ ਵਿੱਚ ਸਿੱਧੇ ਅਸਿੱਧੇ ਤੌਰ ਉੱਤੇ ਚਲਦੀ ਹੀ ਰਹਿੰਦੀ ਹੈ ਅਤੇ ਪਾਰਟੀ ਹਾਈਕਮਾਂਡ ਦੇ ਸਰਵੇ ਤੋਂ ਬਾਅਦ ਹੀ ਪਾਰਟੀ ਦੀ ਅੰਤ੍ਰਿੰਗ ਕਮੇਟੀ ਦੀ ਨਜ਼ਰ ਵਿੱਚ ਜੋ ਯੋਗ ਉਮੀਦਵਾਰ ਹੁੰਦਾ ਹੈ ਉਭਰ ਕੇ ਸਾਹਮਣੇ ਆ ਹੀ ਜਾਂਦਾ ਹੈ.
2. ਸਵਾਲ – ਫਿਰ ਤਾਂ 2022 ਵਿੱਚ ਅਸ਼ਵਨੀ ਸੇਖੜੀ ਯੋਗ ਉਮੀਦਵਾਰ ਵਜੋਂ ਹੀ ਸਾਹਮਣੇ ਆਇਆ ਸੀ ਜਿਸਦੀ ਚੋਣ ਪ੍ਰਚਾਰ ਮੁਹਿੰਮ ਤੁਹਾਡੇ ਹੱਥ ਵੀ ਸੀ ਤੇ ਤੁਸੀਂ ਵੀ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਬਹੁਤ ਡਟਵੇਂ ਤਰੀਕੇ ਨਾਲ ਕਾਂਗਰਸ ਪਾਰਟੀ ਦਾ ਪ੍ਰਚਾਰ ਕੀਤਾ ਸੀ ਪਰ ਕੀ ਤੁਹਾਡੀ ਪਾਰਟੀ ਦੀ ਆਪਸੀ ਖਿਚੋਤਾਣ ਨਾਲ ਕਾਂਗਰਸ ਦਾ ਨੁਕਸਾਨ ਨਹੀਂ ਹੋਇਆ ਸੀ ?
ਜਵਾਬ – ਯੁੱਧਬੀਰ ਮਾਲਟੂ ਨੇ ਕਿਹਾ ਕਿ ਉਸ ਸਮੇਂ ਲੋਕਾਂ ਨੂੰ ਇੰਝ ਲਗਦਾ ਸੀ ਕਿ ਅਸੀਂ ਪੰਜਾਬ ਵਿੱਚ ਇੱਕ ਤੀਜਾ ਬਦਲ ਲਿਆ ਕੇ ਸੂਬੇ ਦਾ ਭਲਾ ਕਰ ਸਕਦੇ ਹਾਂ ਅਤੇ ਇਹਨੀਂ ਵਰ੍ਹਦੀ ਹਨੇਰੀ ਵਿੱਚ ਵੀ ਕਾਂਗਰਸ ਦੂਜੇ ਨੰਬਰ ਉਤੇ ਰਹੀ ਤੇ 2024 ਲੋਕ ਸਭਾ ਚੋਣਾਂ ਦੌਰਾਨ ਅਸੀਂ ਬਟਾਲਾ ਹਲਕੇ ਤੋਂ ਦੁਬਾਰਾ ਜਿੱਤ ਪ੍ਰਾਪਤ ਕੀਤੀ।
3. ਸਵਾਲ – ਬਟਾਲਾ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਦੇ ਇਸ ਸਮੇਂ ਦੋ ਪ੍ਰਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਐਡਵੋਕੇਟ ਅਮਨਦੀਪ ਜੈਂਤੀਪੁਰ ਅਤੇ ਯੁੱਧਬੀਰ ਮਾਲਟੂ ਇਹਨਾਂ ਦੋਹਾਂ ਵਿਚੋਂ ਕਿਸਨੂੰ ਪ੍ਰਮੁੱਖ ਦਾਅਵੇਦਾਰ ਮੰਨਦੇ ਹਨ?
ਜਵਾਬ – ਵੇਖੋ ਜੀ ਮੈਂ ਤਾਂ ਬਟਾਲਾ ਹਲਕੇ ਲਈ ਪ੍ਰਮੁੱਖ ਦਾਅਵੇਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਸਮਝਦਾ ਹਾਂ ਕਿਉਂਕਿ ਨਗਰ ਨਿਗਮ ਬਟਾਲਾ ਦੇ ਜਿੰਨੇ ਵੀ ਕਾਂਗਰਸ ਪਾਰਟੀ ਦੇ ਕੌਂਸਲਰ ਤੇ ਬਟਾਲਾ ਦੇ ਮੇਅਰ ਇਸ ਸਮੇਂ ਤ੍ਰਿਪਤ ਬਾਜਵਾ ਦੀ ਟੀਮ ਨਾਲ ਜੁੜੇ ਹੋਏ ਹਨ ਪਰ ਅਮਨਦੀਪ ਜੈਂਤੀਪੁਰ ਵੀ ਪੂਰੀ ਤਰ੍ਹਾਂ ਹਲਕੇ ਵਿੱਚ ਵਿਚਰ ਰਿਹਾ ਹੈ ਅਤੇ ਹਰੇਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋ ਰਿਹਾ ਹੈ ਜਿਸ ਕਾਰਨ ਲਗਦਾ ਹੈ ਕਿ ਹਲਕੇ ਵਿੱਚ ਆਪਣੀ ਸਿਆਸੀ ਪਕੜ ਮਜ਼ਬੂਤ ਕਰ ਰਿਹਾ ਹੈ ।
4. ਸਵਾਲ – ਯੁੱਧਬੀਰ ਸਿੰਘ ਮਾਲਟੂ ਜੀ ਕੀ 2024 ਤੋਂ ਸ਼ੁਰੂ ਹੋਇਆ ਇਹ ” ਏਕਾ ” 2027 ਤੱਕ ਕਾਂਗਰਸ ਵਿੱਚ ਬਰਕਰਾਰ ਰਹੇਗਾ ਜਾਂ ਫਿਰ ਦੁਬਾਰਾ ਕਾਂਗਰਸ ਦਾ ਮੁਕਾਬਲਾ ਆਪਸੀ ਮੁਕਾਬਲੇਬਾਜ਼ੀਆਂ ਵਿੱਚ ਹੀ ਉਲਝ ਕੇ ਰਹਿ ਜਾਵੇਗਾ ਜਿਸਦਾ ਫਾਇਦਾ ਮੁੜ ਵਿਰੋਧੀ ਪਾਰਟੀਆਂ ਨਾ ਲੈ ਲਵੇ ਕਿਤੇ ?
ਜਵਾਬ – ਵੇਖੋ ਜੀ ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਲੋਂ ਆਪਣੀ ਪਾਰਟੀ ਦੀ ਸਰਕਾਰ ਬਨਾਉਣ ਲਈ ਕਿਸੇ ਵੀ ਆਗੂ ਜਾਂ ਵਰਕਰ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਵੇਗਾ ਇਸ ਮੌਕੇ ਬਟਾਲਾ ਹਲਕੇ ਦੀ ਵਾਗਡੋਰ ਦੇਣ ਦਾ ਇਹ ਵੱਡਾ ਰਾਜਨੀਤਕ ਫੈਸਲਾ ਤਾਂ ਪਾਰਟੀ ਹਾਈਕਮਾਂਡ ਦੀ ਅੰਤ੍ਰਿੰਗ ਕਮੇਟੀ ਦੀ ਰਿਪੋਰਟ ਤੋਂ ਬਾਅਦ ਹੀ ਲਿਆ ਜਾਵੇਗਾ ਅਤੇ ਜਿਸ ਤਰ੍ਹਾਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵਲੋਂ ਇਕਜੁੱਟਤਾ ਵਿਖਾ ਕੇ ਚੋਣ ਜਿੱਤਾ ਕੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੈਂਬਰ ਪਾਰਲੀਮੈਂਟ ਜਿਤਾਇਆ ਸੀ ਉਸੇ ਤਰ੍ਹਾਂ ਮੈਂ ਯਕੀਨ ਦਿਵਾਉਂਦਾ ਹਾਂ ਇਹ ਏਕਾ ਇਵੇਂ ਹੀ ਬਰਕਰਾਰ ਰੱਖ ਕੇ 2027 ‘ਚ ਪਾਰਟੀ ਉਮੀਦਵਾਰ ਨੂੰ ਜਿਤਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਫੋਟੋ ਕੈਪਸਨ – ਬਟਾਲਾ ਹਲਕੇ ਦੇ ਪ੍ਰਮੁੱਖ ਦਾਅਵੇਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਅਮਨਦੀਪ ਜੈਂਤੀਪੁਰ ਅਤੇ ਗੱਲਬਾਤ ਕਰਦੇ ਹੋਏ ਕਾਂਗਰਸੀ ਆਗੂ ਯੁੱਧਬੀਰ ਸਿੰਘ ਮਾਲਟੂ। ( )