ਭਾਜਪਾ ਨੇ ਫੂਕਿਆ ਸੂਬਾ ਸਰਕਾਰ ਦਾ ਪੁਤਲਾ
ਬਟਾਲਾ (ਸੰਜੀਵ ਮਹਿਤਾ ਸੁਨੀਲ ਚੰਗਾ)
ਅੱਜ ਸਥਾਨਕ ਜਲੰਧਰ ਰੋਡ ’ਤੇ ਸਥਿਤ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੀ ਰਹਿਨੁਮਾਈ ਹੇਠ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਸੂਬਾ ਸਰਕਾਰ ਦਾ ਪੁਤਲਾ ਫੂਕਿਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਭਾਜਪਾ ਵਰਕਰਾਂ ਨੇ ਜਿਥੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ, ਉਥੇ ਨਾਲ ਹੀ ਰਵੀਕਰਨ ਸਿੰਘ ਕਾਹਲੋਂ ਸੀਨੀਅਰ ਭਾਜਪਾ ਆਗੂ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਬੋਲਦਿਆਂ ਜ਼ਿਲਾ ਪ੍ਰਧਾਨ ਹੀਰਾ ਵਾਲੀਆ ਅਤੇ ਰਵੀਕਰਨ ਸਿੰਘ ਕਾਹਲੋਂ ਨੇ ਕਿ ਭਗਵੰਤ ਮਾਨ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਦੇ ਬਾਵਜੂਦ ਨਾ ਤਾਂ ਪੰਜਾਬ ਵਿਚ ਕਿਤੇ ਵਿਕਾਸ ਹੋਇਆ ਨਜ਼ਰ ਆ ਰਿਹਾ ਹੈ ਅਤੇ ਨਾ ਹੀ ਲੋਕਾਂ ਨੂੰ ਇਨਸਾਫ ਮਿਲ ਰਿਹਾ ਹੈ। ਜਦਕਿ ਉਲਟਾ ਵਿਕਾਸ ਤੇ ਇਨਸਾਫ ਦੇ ਨਾਮ ’ਤੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਲੋਕ ਖੁਦ ਨੂੰ ਇਸ ਮੌਜੂਦਾ ਸਰਕਾਰ ਦੇ ਸ਼ਾਸਨਕਾਲ ਵਿਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਜੋ ਪੰਜਾਬੀਆਂ ਨਾਲ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਵੀ ਇਸ ਸਰਕਾਰ ਵਲੋਂ ਪੂਰਾ ਨਹੀਂ ਕੀਤਾ ਗਿਆ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਦਿਨੋਂ-ਦਿਨ ਵਿਗੜਦੀ ਜਾ ਰਹੀ ਲਾਅ ਐਂਡ ਆਰਡਰ ਦੀ ਸਥਿਤੀ ਦੇ ਮੱਦੇਨਜ਼ਰ ਜਿਥੇ ਗੁੰਡਾਗਰਦੀ ਆਪਣੇ ਪੈਰ ਪਸਾਰ ਰਹੀ ਹੈ, ਉਥੇ ਨਸ਼ਾ ਅਤੇ ਭਿ੍ਰਸ਼ਟਾਚਾਰ ਵੀ ਚਰਮਸੀਮਾ ’ਤੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਅਮਨ ਕਾਨੂੰਨ ਦੀ ਸਥਿਤੀ ਵਿਚ ਸੁਧਾਰ ਲਿਆਵੇ ਅਤੇ ਨਸ਼ਿਆਂ ਦੀ ਹੋ ਰਹੀ ਵਿਕਰੀ ’ਤੇ ਰੋਕ ਲਗਾਵੇ ਤਾਂ ਜੋ ਪੰਜਾਬ ਨਸ਼ਾ ਮੁਕਤ ਅਤੇ ਅਮਨ ਸ਼ਾਂਤੀ ਵਾਲਾ ਮੁੜ ਸੂਬਾ ਬਣ ਸਕੇ। ਇਸ ਮੌਥੇ ਜ਼ਿਲਾ ਟੀਮ ਦੇ ਨਾਲ ਮੰਡਲ ਪ੍ਰਧਾਨ, ਮੰਡਲ ਟੀਮ ਦੇ ਅਹੁਦੇਦਾਰ, ਮੋਰਚਾ ਦੇ ਪ੍ਰਧਾਨ ਤੇ ਮੋਰਚਾ ਟੀਮ ਦੇ ਮੈਂਬਰ ਹਾਜ਼ਰ ਸਨ।