ਮਾਡਰਨ ਅਤੇ ਟਿਕਾਊ ਖੇਤੀ ਦੇ ਮਾਡਲ ਨੂੰ ਅਪਨਾਉਣ ਵਾਲਾ ਪਿੰਡ ਸ਼ਾਹਪੁਰ ਗੁਰਾਇਆ ਦਾ ਕਿਸਾਨ
ਗੁਰਦਾਸਪੁਰ ਸੁਸ਼ੀਲ ਬਰਨਾਲਾ
ਜਿੱਥੇ ਅੱਜ ਦੇ ਸਮੇ ਵਿੱਚ ਪੰਜਾਬ ਦੀ ਖੇਤੀ ਸਿਖਰਾਂ ਤੇ ਪਹੁੰਚੀ ਹੋਈ ਹੈ ਅਤੇ ਪੰਜਾਬ ਵਲੋਂ ਅਨਾਜ ਭੰਡਾਰਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਉਥੇ ਹੀ ਕੁਝ ਵਾਤਾਵਰਣ ਸੰਸਥਾਵਾਂ ਅਤੇ ਖੋਜਕਾਰਾਂ ਵਲੋਂ ਅੱਜ ਦੀ ਖੇਤੀ ਉੱਤੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ । ਇਹਨਾਂ ਖ਼ਦਸ਼ਿਆਂ ਦਾ ਮੁੱਖ ਕਾਰਨ ਹਵਾ, ਪਾਣੀ ਅਤੇ ਮਿੱਟੀ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਹੋ ਰਹੇ ਨੁਕਸਾਨ ਹਨ । ਇਸ ਦੀ ਇੱਕ ਉਦਾਹਰਣ ਪਾਣੀ ਦੇ ਘੱਟ ਰਹੇ ਪੱਧਰ ਅਤੇ ਮੌਜੂਦਾ ਸਮ੍ਰਿਆਂ ਦੌਰਾਨ ਪਾਣੀ ਦੇ ਦਰਿਆਵਾਂ ਤੋਂ ਹੋ ਰਹੀਆਂ ਲੜਾਈਆਂ ਤੋਂ ਲਈ ਜਾ ਸਕਦੀ ਹੈ । ਖੇਤੀ ਖੋਜਕਾਰਾਂ ਵਲੋਂ ਵੀ ਹੁਣ ਮੁੱਖ ਖੋਜਾਂ ਇਸ ਵਿਸ਼ੇ ਤੇ ਹੀ ਕੀਤੀ ਜਾ ਰਹੀਆਂ ਹਨ ਕਿ ਕਿਵੇਂ ਅੱਜ ਦੀ ਖੇਤੀ ਬਿਨਾ ਵਾਤਾਵਰਣ ਨੂੰ ਨੁਕਸਾਨ ਪੌਚਾਏ ਕੀਤੀ ਜਾ ਸਕਦੀ ਹੈ । ਇਸ ਤੋਂ ਅਗਲਾ ਪੜਾਵ ਇਹਨਾਂ ਖੋਜਾਂ ਅਤੇ ਤਕਨੀਕਾਂ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਲਾਗੂ ਕਰਵਾਉਣ ਦਾ ਹੈ । ਕਿਸਾਨਾਂ ਵੱਲੋਂ ਵੀ ਹੁਣ ਫ਼ਸਲਾਂ ਨੂੰ ਕਾਸ਼ਤ ਕਰਨ ਦੇ ਨਵੇ ਨਵੇ ਤਰੀਕੇ ਅਪਣਾਏ ਜਾ ਰਹੇ ਹਨ ਤਾਂ ਜੋ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਹੋ ਸਕੇ । ਇਸੇ ਹੀ ਮੁਹਿੰਮ ਦਾ ਹਿੱਸਾ ਬਣੇ ਹਨ ਪਿੰਡ ਸ਼ਾਹਪੁਰ ਗੋਰਾਇਆ ਦੇ ਕਿਸਾਨ ਰਮਜੀਤ ਸਿੰਘ । ਕਿਸਾਨ ਵਲੋਂ ਆਪਣੀ ਜ਼ਮੀਨ ਅਤੇ ਪਾਣੀ ਦੀ ਸੰਭਾਲ ਲਈ ਨਵੀਆ ਵਿਧੀਆਂ ਅਤੇ ਤਕਨੀਕਾ ਨੂੰ ਅਪਣਾ ਕੇ ਇਸ ਮੁਹਿੰਮ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ । ਮੌਜੂਦਾ ਸਾਉਣੀ ਦੇ ਸੀਜਨ ਵਿੱਚ ਜਿੱਥੇ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਲਈ ਪਨੀਰੀ ਬੀਜੀ ਜਾ ਰਹੀ ਹੈ ਉਥੇ ਹੀ ਕਿਸਾਨ ਰਮਜੀਤ ਸਿੰਘ ਵਲੋਂ ਕੱਦੂ ਵਾਲੇ ਝੋਨੇ ਦੀ ਬਿਜਾਏ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ । ਕਿਸਾਨ ਅਨੁਸਾਰ ਓਸ ਵਲੋਂ ਇਹ ਵਿਧੀ ਪਿਛਲੇ 3-4 ਸਾਲਾਂ ਤੋਂ ਅਪਣਾਈ ਜਾ ਰਹੀ ਹੈ । ਇਸ ਵਿਧੀ ਦੇ ਫਾਇਦੇ ਗਿਣਾਉਂਦਿਆਂ ਕਿਸਾਨ ਨੇ ਦਸਿਆ ਕਿ ਇਸ ਨਾਲ ਪਾਣੀ ਦੀ 15-20 ਪ੍ਰਤੀਸ਼ਤ ਬੱਚਤ ਹੁੰਦੀ ਹੈ, ਲੇਬਰ ਘੱਟ ਲਗਦੀ ਹੈ, ਜ਼ਮੀਨ ਹੇਠਲੇ ਪਾਣੀ ਦਾ ਪੱਧਰ ਸਹੀ ਰਹਿੰਦਾ ਹੈ ਅਤੇ ਨਾਲ ਹੀ ਝਾੜ ਵੀ ਵਧਿਆ ਰਹਿੰਦਾ ਹੈ । ਕਿਸਾਨ ਵੱਲੋਂ ਦਸਿਆ ਗਿਆ ਕਿ ਪਹਿਲਾਂ ਉਹ ਵੀ ਕੱਦੂ ਵਾਲੇ ਝੋਨੇ ਦੀ ਕਾਸ਼ਤ ਕਰਦੇ ਸੀ ਪ੍ਰੰਤੂ ਦਿਨ ਪ੍ਰਤੀ ਦਿਨ ਘਟਦੇ ਪਾਣੀ ਦੇ ਪੱਧਰ ਦੀਆ ਖ਼ਬਰਾਂ ਦੇ ਚਲਦਿਆ ਉਹਨਾਂ ਵਲੋਂ ਇਸ ਸਮਸਿਆ ਲਈ ਕੋਈ ਠੋਸ ਅਤੇ ਟਿਕਾਊ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਉਹ ਝੋਨਾ ਵੀ ਬੀਜ ਸਕਣ ਅਤੇ ਹਵਾ ਪਾਣੀ ਵਾਤਾਵਰਣ ਨੂੰ ਵੀ ਘੱਟ ਨੁਕਸਾਨ ਪੌਚੇ । ਇਸ ਦੇ ਸਬੰਧ ਵਿੱਚ ਉਹਨਾਂ ਵਲੋਂ ਖੇਤੀਬਾੜੀ ਵਿਭਾਗ ਡੇਰਾ ਬਾਬਾ ਨਾਨਕ ਵਿਖੇ ਸੰਪਰਕ ਕੀਤਾ ਗਿਆ । ਖੇਤੀਬਾੜੀ ਅਧਿਕਾਰੀਆਂ ਵਲੋਂ ਉਹਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਪਣਾਉਣ ਲਈ ਪ੍ਰੇਰਿਆ ਗਿਆ । ਸੋ ਇਸ ਸਲਾਹ ਤੇ ਚੱਲਦਿਆ ਕਿਸਾਨ ਵਲੋਂ ਝੋਨੇ ਦੀ ਸਿੱਧੀ ਬਿਜਾਈ ਅਪਣਾ ਲਈ ਗਈ । ਸ਼ੁਰੂਆਤ ਵਿੱਚ ਕਿਸਾਨ ਵੱਲੋਂ ਕਿਰਾਏ ਤੇ ਡਰਿੱਲ ਲੈ ਕਿ ਬਿਜਾਈ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਇੱਕ ਕਿੱਲੇ ਵਿੱਚ 8-9 ਕਿਲੋ ਬੀਜ ਕੇਰਿਆ ਗਿਆ । ਖੇਤੀਬਾੜੀ ਮਹਿਕਮੇ ਦੀ ਸਲਾਹ ਅਨੁਸਾਰ ਉਹਨਾਂ ਬਿਜਾਈ ਦੇ 24-48 ਘੰਟਿਆਂ ਵਿੱਚ ਨਦੀਨ ਨਾਸ਼ਕ ਦਵਾਈ ਦੀ ਸਪਰੇਅ ਕਰ ਦਿੱਤੀ ਤਾਂ ਜੋ ਨਦੀਨਾਂ ਦੀ ਸਮਸਿਆ ਤੋਂ ਨਿਜਾਤ ਪਾਈ ਜਾ ਸਕੇ । ਕਿਸਾਨ ਨੇ ਦਸਿਆ ਕਿ ਇਸ ਉਪਰੰਤ ਵੀ ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਹਰ ਇੱਕ ਕਦਮ ਚੁਕਿਆ ਗਿਆ ਜਿਸ ਨਾਲ ਉਹਨਾਂ ਨੂੰ ਘੱਟ ਪਾਣੀ ਵਰਤਦਿਆਂ ਕੱਦੂ ਵਾਲੇ ਝੋਨੇ ਦੇ ਬਰਾਬਰ ਝਾੜ ਮਿਲਿਆ । ਉਹਨਾਂ ਦਸਿਆ ਕਿ ਇਸ ਵਿਧੀ ਨੂੰ ਅਪਣਾਉਣ ਲਈ ਪੰਜਾਬ ਸਰਕਾਰ ਵਲੋਂ ਪ੍ਰਤੀ ਕਿੱਲਾ 1500/- ਰੁਪਏ ਦੀ ਮਾਲੀਆ ਸਹਾਇਤਾ ਵੀ ਦਿੱਤੀ ਗਈ । ਅੱਜ ਕਿਸਾਨ ਆਪਣੇ ਕਰੀਬ 30 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ । ਕਿਸਾਨ ਵੱਲੋਂ ਦਸਿਆ ਗਿਆ ਕਿ ਹੁਣ ਉਹਨਾਂ ਖੇਤੀਬਾੜੀ ਮਹਿਕਮੇ ਦੇ ਸਹਿਯੋਗ ਨਾਲ ਖੇਤੀ ਮਸ਼ੀਨਰੀ ਦੀ ਖਰੀਦ ਸਬਸਿਡੀ ਤੇ ਕਰ ਲਈ ਹੈ ਜਿਸ ਵਿੱਚ ਸੁਪਰ ਸੀਡਰ, ਹੈਪੀ ਸੀਡਰ, ਆਰ ਬੀ ਪਲੋਅ, ਬੂਮ ਸਪਰੇਅਰ ਆਦਿ ਵਰਗੀਆਂ ਮਸ਼ੀਨਾਂ ਸ਼ਾਮਲ ਹਨ। ਇਸ ਸਾਲ ਉਹਨਾਂ ਵਲੋਂ ਕਣਕ ਦੇ ਨਾੜ ਨੂੰ ਬਿਨਾ ਅੱਗ ਲਗਾਏ ਆਰ ਬੀ ਪਲੋਅ ਨਾਲ ਜਮੀਨ ਦੇ ਵਿੱਚ ਵਹਾ ਦਿੱਤਾ ਗਿਆ ਅਤੇ
ਇਸ ਤੋਂ ਉਪਰੰਤ ਜਮੀਨ ਨੂੰ ਪਾਣੀ ਲਾਉਣ ਉਪਰੰਤ ਜ਼ਮੀਨ ਦੀ ਤਿਆਰੀ ਕਰਕੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ । ਇਸ ਨਾਲ ਉਹ ਬਾਕੀ ਕਿਸਾਨਾਂ ਦੇ ਮੁਕਾਬਲੇ ਘੱਟ ਖਰਚ ਅਤੇ ਘੱਟ ਸਮਹੇਂ ਵਿੱਚ ਝੋਨੇ ਦੀ ਬਿਜਾਈ ਕਰ ਸਕਣ ਗੇ । ਹੋਰਾਂ ਕਿਸਾਨਾਂ ਲਈ ਉਦਾਹਰਣ ਬਣੇ ਕਿਸਾਨ ਰਮਜੀਤ ਸਿੰਘ ਦਾ ਕਹਿਣਾ ਹੈ ਕਿ ਅੱਜ ਸਾਨੂੰ ਲੋੜ ਹੈ ਕਿ ਅਸੀਂ ਇਹੋ ਜਿਹੀਆਂ ਤਕਨੀਕਾਂ ਅਪਣਾ ਕੇ ਚੰਗੀ ਅਤੇ ਟਿਕਾਊ ਖੇਤੀ ਕਰੀਏ ਜਿਸ ਨਾਲ ਆਉਣ ਵਾਲੀ ਪੀੜੀ ਲਈ ਅਸੀਂ ਚੰਗਾ ਵਾਤਾਵਰਣ ਅਤੇ ਕੁਦਰਤੀ ਸੋਮੇ ਛੱਡ ਕੇ ਜਾਈਏ