ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੀ ਕਾਂਗਰਸ ਦੇਸ਼ ਨੂੰ ਆਲਮੀ ਪੱਧਰ ਤੇ ਬਦਨਾਮ ਕਰਨ ‘ਤੇ ਤੁਲੀ : ਪਰਮਜੀਤ ਸਿੰਘ ਗਿੱਲ
ਅਨੀਤਾ ਬੇਦੀ ਨਿਰਮਲ ਸਿੰਘ
‘ਰਾਜਦ ‘ ਦੇ ਰਾਜ ਵਿੱਚ ਬਿਹਾਰ ਨੂੰ ਮਿਲਿਆ ਸੀ ਜੰਗਲਰਾਜ ਦਾ ਨਾਮ ।ਸੰਵਿਧਾਨ ਦੀਆਂ ਧੱਜੀਆਂ ਉਡਾਉਣ ਅਤੇ ਬਿਹਾਰ ਨੂੰ ਜੰਗਲ ਰਾਜ ਵਰਗੇ ਨਾਮ ਦੇਣ ਵਾਲੀਆਂ ਪਾਰਟੀਆਂ ਅੱਜ ਦੇਸ਼ ਨੂੰ ਆਲਮੀ ਪੱਧਰ ਤੇ ਬਦਨਾਮ ਕਰਨ ਤੇ ਤੁਲੀਆਂ ਹੋਈਆਂ ਹਨ ਕਿਉਂਕਿ ਇਹਨਾਂ ਪਾਰਟੀਆਂ ਦੇ ਪ੍ਰਮੁੱਖ ਲੀਡਰਾਂ ਨੂੰ ਜਨਤਾ ਪੂਰੀ ਤਰਾਂ ਨਕਾਰ ਚੁੱਕੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਿਮਾਲਿਆ ਪਰਿਵਾਰ ਸੰਗਠਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਵੱਲੋਂ ਚੁੱਕੇ ਜਾ ਰਹੇ ਬੇਲੋੜੇ ਮੁੱਦਿਆਂ ਅਤੇ ਦੇਸ਼ ਨੂੰ ਬਦਨਾਮ ਕਰਨ ਦੇ ਕੀਤੇ ਜਾ ਰਹੇ ਮਨਸੂਬਿਆਂ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕੀਤਾ।
ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਜਦੋਂ ਕੇਂਦਰ ਵਿੱਚ ਰਾਜ ਸੀ ਅਤੇ ਰਾਹੁਲ ਗਾਂਧੀ ਦੇ ਪਰਿਵਾਰ ਵਾਲੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੈਠੇ ਸਨ ਉਸ ਸਮੇਂ ਦੇਸ਼ ਵਿੱਚ ਸੰਵਿਧਾਨ ਦੀਆਂ ਅਤੇ ਚੋਣ ਕਮਿਸ਼ਨ ਸਮੇਤ ਸਾਰੀਆਂ ਹੀ ਸੰਸਥਾਵਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ ਅਤੇ ਐਮਰਜੈਂਸੀ ਲਗਾ ਕੇ ਦੇਸ਼ ਨੂੰ ਬੰਧਕ ਬਣਾ ਲਿਆ ਗਿਆ ਸੀ ਜਿੱਥੇ ਨਾ ਕੋਈ ਮੀਡੀਆ ਆਪਣੀ ਆਵਾਜ਼ ਚੁੱਕ ਸਕਦਾ ਸੀ ਅਤੇ ਨਾ ਹੀ ਆਮ ਜਨਤਾ ਸਰਕਾਰ ਦੇ ਵਿਰੁੱਧ ਬੋਲ ਸਕਦੀ ਸੀ।
ਉਹਨਾਂ ਨੇ ਕਿਹਾ ਕਿ ਪਿਛਲੇ 11 ਸਾਲਾਂ ਤੋਂ ਜਿਸ ਤਰ੍ਹਾਂ ਦੇਸ਼ ਵਿੱਚ ਇੱਕ ਮਜਬੂਤ ਸਰਕਾਰ ਲੋਕਾਂ ਦੁਆਰਾ ਚੁਣੀ ਗਈ। ਜਿਸ ਨੇ ਦੇਸ਼ ਦਾ ਨਾਮ ਆਲਮੀ ਪੱਧਰ ਤੇ ਉੱਚਾ ਕੀਤਾ ਹੈ ਅਤੇ ਅੱਜ ਭਾਰਤ ਆਲਮੀ ਪੱਧਰ ਤੇ ਵੱਧਦੀ ਹੋਈ ਆਰਥਿਕਤਾ ਬਣ ਚੁੱਕਾ ਹੈ ਅਤੇ ਪਹਿਲੇ ਪੰਜ ਦੇਸ਼ਾਂ ਦੀ ਕਤਾਰ ਵਿੱਚ ਪਹੁੰਚ ਚੁੱਕਾ ਹੈ । ਉਥੇ ਹੁਣ ਵਿਰੋਧੀ ਧਿਰਾਂ ਨੂੰ ਚਾਹੀਦਾ ਸੀ ਕਿ ਉਹ ਦੇਸ਼ ਤਾਂ ਸਾਥ ਦਿੰਦੇ ਪਰ ਵਿਰੋਧੀ ਪਾਰਟੀਆਂ ਦੇ ਲੀਡਰਾਂ ਤੇ ਸਿਆਸਤ ਇੰਨੀ ਭਾਰੀ ਹੋ ਚੁੱਕੀ ਹੈ ਕਿ ਉਹ ਦੇਸ਼ ਨੂੰ ਵੀ ਬਦਨਾਮ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੇ।
ਉਹਨਾਂ ਨੇ ਕਿਹਾ ਕਿ ਅੱਜ ਵਿਰੋਧੀ ਧਿਰ ਤੇ ਲੀਡਰ ਰਾਹੁਲ ਗਾਂਧੀ ਅਤੇ ਬਿਹਾਰ ਵਿੱਚ ਜੰਗਲ ਰਾਜ ਸਥਾਪਿਤ ਕਰਨ ਵਾਲੀ ਪਾਰਟੀ ਰਾਜਦ ਇਸ ਤਰ੍ਹਾਂ ਸੱਤਾ ਹਥਿਆਉਣ ਲਈ ਤਰਲੋਮੱਛੀ ਹੋ ਰਹੇ ਹਨ ਉਸ ਨਾਲ ਲੋਕਾਂ ਵਿੱਚ ਸਪਸ਼ਟ ਸੰਕੇਤ ਜਾ ਰਿਹਾ ਹੈ ਕਿ ਵਿਰੋਧੀ ਧਿਰਾਂ ਕੋਲ ਕੋਈ ਵੀ ਹੋਰ ਮੁੱਦਾ ਲੋਕਾਂ ਕੋਲ ਜਾਣ ਦਾ ਨਹੀਂ ਰਹਿ ਗਿਆ ਜਿਸ ਨੂੰ ਦੱਸ ਕੇ ਉਹ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਸਕਣ। ਇਸ ਲਈ ਉਹ ਮੌਜੂਦਾ ਸਰਕਾਰ ਨੂੰ ਭੰਡਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਪਾ ਰਹੇ।
ਉਹਨਾਂ ਨੇ ਕਿਹਾ ਕਿ ਦੇਸ਼ ਦੇ ਲੋਕਾਂ ਵੱਲੋਂ ਚੁਣੀ ਹੋਈ ਕੇਂਦਰ ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਭਰਿਸ਼ਟਾਚਾਰ ਲੋਕਾਂ ਸਾਹਮਣੇ ਨਹੀਂ ਆਇਆ ਜਿਸ ਕਰਕੇ ਵਿਰੋਧੀ ਧਿਰਾਂ ਤਿਲਮਿਲਾਈਆਂ ਹੋਈਆਂ ਹਨ। ਪਰ ਦੇਸ਼ ਦੇ ਲੋਕ ਹੁਣ ਬਹੁਤ ਜਾਗਰੂਕ ਹੋ ਚੁੱਕੇ ਹਨ ਅਤੇ ਸਾਰੀ ਸਮਝ ਰੱਖਦੇ ਹੋਏ ਅਜੀਹੇ ਲੋਕਾਂ ਦੀ ਭੜਕਾਊ ਅਤੇ ਗੁਮਰਾਹਕੁਨ ਬਿਆਨਬਾਜੀ ਦੇ ਝਾਂਸੇ ਵਿੱਚ ਨਹੀਂ ਫਸਣਗੇ ।













