ਪਟਿਆਲਾ : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪੋਤਰੇ ਕੰਵਰਵੀਰ ਸਿੰਘ ਟੌਹੜਾ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਕੰਵਰਵੀਰ ਸਿੰਘ ਨੇ ਕਿਹਾ ਕਿ ਭਾਜਪਾ ਹੀ ਸਿੱਖਾਂ ਦੀ ਅਸਲ ਹਿਤੈਸ਼ੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਖਦੇ ਮਸਲੇ ਅਤੇ ਸਿੱਖ ਮੁੱਦਿਆਂ ’ਤੇ ਫ਼ੈਸਲੇ ਕਰਨ ਵਿਚ ਭਾਜਪਾ ਨੇ ਅਗਾਂਹਵਧੂ ਫ਼ੈਸਲੇ ਲਏ ਹਨ, ਜਿਸ ਕਰਕੇ ਉਨ੍ਹਾਂ ਭਾਜਪਾ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਸਹੀ ਫੈਸਲਾ ਕੀਤਾ ਅਤੇ ਨਾਲ ਹੀ ਚਾਰ ਸਾਹਿਬਜ਼ਾਦਿਆਂ ਪ੍ਰਤੀ ਸਤਿਕਾਰ ਭੇਟ ਕਰਦਿਆਂ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਲੈਣ ਨਾਲ ਸਪੱਸ਼ਟ ਹੈ ਕਿ ਭਾਜਪਾ ਪੰਜਾਬ ਅਤੇ ਸਿੱਖਾਂ ਦੀ ਹਿਤੈਸ਼ੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਨੇ ਹਮੇਸ਼ਾ ਪੰਥਕ ਸਫਾ ਵਿਚ ਨਿਰਣਾਇਕ ਭੂਮਿਕਾ ਨਿਭਾਈ ਹੈ ਅਤੇ ਉਹ ਟੌਹੜਾ ਜੀ ਦੀ ਸੋਚ ਅਤੇ ਪੰਥਕ ਏਜੰਡੇ ਨੂੰ ਅੱਗੇ ਲਿਜਾਣ ਲਈ ਭਾਜਪਾ ਵਿਚ ਰਹਿ ਕੇ ਪੰਜਾਬ ਦੇ ਮੁੱਦਿਆਂ ਦੇ ਨਾਲ-ਨਾਲ ਸਿੱਖ ਮਸਲਿਆਂ ਨੂੰ ਹਮੇਸ਼ਾ ਪਹਿਲ ਦੇਣਗੇ।
ਕੰਵਰਵੀਰ ਸਿੰਘ ਟੌਹੜਾ ਨੇ ਸਪੱਸ਼ਟ ਕੀਤਾ ਕਿ ਭਾਜਪਾ ਵਿਚ ਸ਼ਾਮਲ ਹੋ ਕੇ ਉਨ੍ਹਾਂ ਚੋਣ ਲੜਨ ਦੀ ਇੱਛਾ ਜ਼ਾਹਰ ਨਹੀਂ ਕੀਤੀ ਬਲਕਿ ਜੇ ਪਾਰਟੀ ਉਨ੍ਹਾਂ ਨੂੰ ਚੋਣ ਲੜਾਉਣਾ ਚਾਹੁੰਦੀ ਹੈ ਤਾਂ ਉਹ ਜ਼ਰੂਰ ਚੋਣ ਲੜਨਗੇ।