2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਮਨ ਅਮਾਨ ਨਾਲ ਸਿਰੇ ਚਾੜ੍ਹਨ ਲਈ ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਸਖਤ ਸੁਰੱਖਿਆ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ, ਜਿਸ ਤੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਹੋ ਰਿਹਾ ਹੈ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ ਸੁਰੱਖਿਆ ਘੇਰੇ ਵਿਚ ਪੀ ਟੀ ਜ਼ੈੱਡ ਕੈਮਰੇ ਵਾਲੀਆਂ 18 ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਕੈਮਰੇ ਕਈ ਕਿਲੋਮੀਟਰ ਤੱਕ ਦੀ 365 ਡਿਗਰੀ ਰੇਂਜ ਰਿਕਾਰਡ ਕਰਦੇ ਹਨ। ਅਜਿਹੀਆਂ ਕਰੀਬ 18ਗੱਡੀਆਂ ਤੈਨਾਤ ਕੀਤੀਆਂ ਗਈਆਂ ਹਨ ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ 6 ਵਿਧਾਨ ਸਭਾ ਹਲਕੇ ਹਨ, ਜਿਸ ਵਿਚ ਵੱਖ ਵੱਖ ਥਾਵਾਂ ਤੇ ਇਹ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਜੋ ਹਰ ਤਰ੍ਹਾਂ ਦੀ ਨਿਗਰਾਨੀ ਤੇ ਨਿਗ੍ਹਾ ਰੱਖੀ ਜਾ ਸਕੇ । ਉਥੇ ਹੀ ਅੱਜ ਅਰਧ ਸੈਨਿਕ ਬਲਾਂ,ਬੀਐਸਐਫ ਅਤੇ ਪੰਜਾਬ ਪੁਲੀਸ ਦੇ ਜਵਾਨਾਂ ਵੱਲੋਂ ਜ਼ਿਲ੍ਹਾ ਬਠਿੰਡਾ ਵਿੱਚ ਫਲੈਗ ਮਾਰਚ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਸੁਰੱਖਿਆ ਪ੍ਰਬੰਧ ਯਕੀਨੀ ਹੋਣ ਦਾ ਵਿਸ਼ਵਾਸ ਦਿਵਾਇਆ ਜਾ ਸਕੇ ਅਤੇ ਚੋਣਾਂ ਅਮਨ ਅਮਾਨ ਨਾਲ ਨੇਪਰੇ ਚਾਡ਼੍ਹਿਆ ਜਾ ਸਕਣ ।
ਬਠਿੰਡਾ ਜ਼ੋਨ ਦੇ ਆਈ ਜੀ ਜਸਕਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ ਚੱਪੇ ਚੱਪੇ ਤੇ ਪੰਜਾਬ ਪੁਲੀਸ ਬੀਐਸਐਫ ਅਤੇ ਸੀਆਰਪੀਐਫ ਦੇ ਜਵਾਨ ਤਾਇਨਾਤ ਕੀਤੇ ਜਾਣਗੇ ਜੋ ਹਰ ਗਤੀਵਿਧੀ ਤੇ ਨਿਗਰਾਨੀ ਰੱਖਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਸਰਹੱਦੀ ਇਲਾਕਿਆਂ ਤੋਂ ਆਉਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਵਧਾਈ ਗਈ ਅਤੇ ਗਸ਼ਤ ਵੀ ਵਧਾਈ ਗਈ ਹੈ ।ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹਾ ਬਠਿੰਡਾ ਸਮੇਤ ਪੂਰੇ ਇਲਾਕੇ ਵਿੱਚ ਅਮਨ ਅਮਾਨ ਨਾਲ ਚੋਣਾਂ ਦਾ ਕੰਮ ਸਿਰੇ ਚੜ੍ਹਾਇਆ ਜਾਵੇਗਾ ।