ਕਪੂਰਥਲਾ , 11 ਜਨਵਰੀ (ਕੌੜਾ)-ਭਾਰਤ ਚੋਣ ਕਮਿਸ਼ਨ ਵੱਲੋਂ ਜਿਨ੍ਹਾਂ 5 ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਉਨ੍ਹਾਂ ਸੂਬਿਆਂ ਵਿਚ ਤੁਰੰਤ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ ਜਿਸ ਦੇ ਮੱਦੇਨਜ਼ਰ 14 ਫਰਵਰੀ 2022 ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਐਲਾਨ ਉਪਰੰਤ ਚੋਣ ਜ਼ਾਬਤਾ ਲਾਗੂ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵਿਚਾਰ ਚਰਚਾ ਕਰਨ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਚੋਣ ਜ਼ਾਬਤੇ ਨੂੰ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿੱਚ ਸਖ਼ਤੀ ਨਾਲ ਲਾਗੂ ਕਰਨ ਲਈ ਨੋਡਲ ਅਫਸਰ ਸੀਡੀਪੀਓ ਰਾਜੀਵ ਢਾਂਡਾ ਵੱਲੋਂ ਐਸ ਐਸ ਟੀ, ਐਮ ਸੀ ਸੀ, ਐਫ ਐਸ ਟੀ, ਕੰਪਲੇਂਟ ਸੈੱਲ ਦੇ ਇੰਚਾਰਜ, ਡੀਐੱਸਪੀ, ਹਲਕੇ ਦੇ ਐਸਐਚਓ, ਬੀਡੀਪੀਓ ਦਫਤਰ ਦੇ ਅਮਲੇ ਨਾਲ ਮੀਟਿੰਗ ਹਾਲ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿੱਚ ਨੋਡਲ ਅਫਸਰ ਸੀਡੀਪੀਓ ਰਾਜੀਵ ਢਾਂਡਾ ਵੱਲੋਂ ਚੋਣ ਜ਼ਾਬਤੇ ਨੂੰ ਲਾਗੂ ਕਰਨ ਸਬੰਧੀ ਪੰਜਾਬ ਚੋਣ ਕਮਿਸ਼ਨ ਤੋਂ ਪ੍ਰਾਪਤ ਹੋਈਆਂ ਹਦਾਇਤਾਂ ਸਬੰਧੀ ਸਭ ਨੂੰ ਜਾਣੂ ਕਰਵਾਇਆ ਗਿਆ ਅਤੇ ਇਨ੍ਹਾਂ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕਰਨ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਦੱਸਿਆ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਰਾਜਨੀਤੀ ਨਾਲ ਸਬੰਧਤ ਫਲੈਕਸ ਬੋਰਡ , ਹੋਰਡਿੰਗ ਅਤੇ ਪੋਸਟਰ ਆਦਿ ਸਰਕਾਰੀ ਬਿਲਡਿੰਗਾਂ ਅਤੇ ਹੋਰ ਸਰਕਾਰੀ ਸੰਪਤੀ ਤੇ ਨਹੀਂ ਲੱਗੇ ਹੋਣੇ ਚਾਹੀਦੇ, ਜੇਕਰ ਕਿਸੇ ਵੀ ਬਿਲਡਿੰਗ ਤੇ ਇਹ ਬੋਰਡ ਲੱਗੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਨਗਰ ਨਿਗਮ ਦੀਆਂ ਟੀਮਾਂ ਨੂੰ ਲਗਾ ਕੇ ਹਟਾਇਆ ਜਾਵੇ। ਕਿਸੇ ਵੀ ਤਰ੍ਹਾਂ ਦਾ ਨਿਰਧਾਰਤ ਹੱਦ ਤੋਂ ਵੱਧ ਕੈਸ਼, ਹਥਿਆਰ, ਨਸ਼ੀਲੇ ਪਦਾਰਥ, ਸ਼ਰਾਬ ਆਦਿ ਸਬੰਧੀ ਸਖ਼ਤੀ ਨਾਲ ਚੈਕਿੰਗ ਕੀਤੀ ਜਾਵੇ ਅਤੇ ਚੈਕਿੰਗ ਦੌਰਾਨ ਇਹ ਸਭ ਮਿਲਣ ਤੇ ਜ਼ਬਤ ਕਰਕੇ ਕਾਨੂੰਨੀ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ। ਉਨ੍ਹਾਂ ਸਮੂਹ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਚੋਣ ਜ਼ਾਬਤੇ ਨੂੰ ਪੂਰਨ ਤੌਰ ਤੇ ਲਾਗੂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਕਰਵਾਇਆ ਜਾਵੇਗਾ ਅਤੇ ਕਿਸੇ ਦੀ ਵੀ ਇਸ ਵਿੱਚ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੋਵਿਡ ਦੀਆਂ ਹਦਾਇਤਾਂ ਦਾ ਵੀ ਸਖਤੀ ਨਾਲ ਪਾਲਣ ਕੀਤਾ ਜਾਵੇ। ਮੀਟਿੰਗ ਵਿਚ ਤਹਿਸੀਲਦਾਰ ਪ੍ਰਵੀਨ ਕੁਮਾਰ ਛਿੱਬਰ, ਡੀ ਐੱਸ ਪੀ ਰਾਜੇਸ਼ ਕੱਕੜ,ਜਗਦੀਸ਼ ਲਾਲ ਰੀਡਰ ਐਸਡੀਐਮ ਸੁਲਤਾਨਪੁਰ ਲੋਧੀ,ਇੰਸ. ਬਲਜਿੰਦਰ ਸਿੰਘ, ਸੈਕਟਰੀ ਪਲਵਿੰਦਰ ਸਿੰਘ, ਰਵੀ ਵਾਹੀ, ਅਪਿੰਦਰ ਸਿੰਘ, ਹਰਵਿੰਦਰ ਸਿੰਘ, ਅਸ਼ੋਕ ਪੁਰੀ, ਭਾਰਤ ਭੂਸ਼ਣ, ਅਜੇ ਕੁਮਾਰ, ਮੁਖਤਾਰ ਲਾਲ, ਦਲਜੀਤ ਸਿੰਘ, ਹਰੀਸ਼ ਕੁਮਾਰ, ਕੁਲਬੀਰ ਸਿੰਘ, ਸੁਖਵਿੰਦਰ ਸਿੰਘ, ਰੋਹਿਤ ਗੁਜਰਾਲ, ਜਸਪਾਲ ਚਾਵਲਾ, ਏਐੱਸਆਈ ਹਰਜਿੰਦਰ ਸਿੰਘ ਆਦਿ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ – ਸਬ ਡਵੀਜ਼ਨ ਦੇ ਸਮੂਹ ਅਧਿਕਾਰੀਆਂ ਨਾਲ ਚੋਣ ਜਾਬਤੇ ਸਬੰਧੀ ਮੀਟਿੰਗ ਕਰਦੇ ਹੋਏ ਨੋਡਲ ਅਫਸਰ ਰਾਜੀਵ ਢਾਂਡਾ, ਤਹਿਸੀਲਦਾਰ ਪ੍ਰਵੀਨ ਕੁਮਾਰ ਛਿੱਬਰ, ਡੀਐੱਸਪੀ ਰਾਜੇਸ਼ ਕੁਮਾਰ ਕੱਕੜ ਨਾਲ ਹੋਰ ਅਧਿਕਾਰੀ ।