ਪਿਛਲੇ ਕੁਝ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੀਆਂ ਪੰਜਾਬ ਵਿਚ ਸਰਗਰਮੀਆਂ ਨੇ ਸੂਬੇ ਦੀ ਸਿਆਸਤ ਵਿਚ ਭੁਚਾਲ ਲਿਆ ਦਿੱਤਾ ਹੈ। ਭਾਜਪਾ ਨੇ ਆਪਣੀ ਪੁਰਾਣੀ ਰਣਨੀਤੀ ਤਹਿਤ ਦੂਜੀਆਂ ਸਿਆਸੀ ਧਿਰਾਂ ਦੇ ਵੱਡੇ ਆਗੂਆਂ ਨੂੰ ਆਪਣੇ ਵੱਲ ਖਿੱਚਣ ਲਈ ਟਿੱਲ ਲਾਇਆ ਹੋਇਆ ਹੈ ਤੇ ਇਸ ਰਣਨੀਤੀ ਵਿਚ ਸਫਲ ਵੀ ਹੁੰਦੀ ਜਾਪ ਰਹੀ ਹੈ।
ਇਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀਆਂ ਕੁਝ ਪੰਥਕ ਸ਼ਖਸੀਅਤਾਂ ਨੂੰ ਵੀ ਆਪਣੇ ਵੱਲ ਖਿੱਚਣ ਵਿਚ ਸਫਲ ਹੋਈ ਹੈ। ਭਾਜਪਾ ਦੀ ਇਸ ਰਣਨੀਤੀ ਨੇ ਪੰਜਾਬ ਦੀਆਂ ਰਵਾਇਤੀ ਧਿਰਾਂ (ਕਾਂਗਰਸ-ਅਕਾਲੀ ਦਲ) ਨੂੰ ਸੋਚੀਂ ਪਾ ਦਿੱਤਾ ਹੈ।
ਇਹ ਸਿਲਸਿਲਾ ਕਿਸਾਨ ਅੰਦੋਲਨ ਮੁਲਤਵੀ ਹੋਣ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਵੱਲੋਂ ਭਾਜਪਾ ਵਿਚ ਸ਼ਾਮਲ ਹੋਣ ਨਾਲ ਸ਼ੁਰੂ ਹੋਇਆ ਸੀ। ਇਸ ਪਿੱਛੋਂ ਇਹ ਕਾਫਲਾ ਵਧਦਾ ਗਿਆ ਤੇ ਕੁਝ ਮੌਜੂਦਾ ਤੇ ਸਾਬਕਾ ਕਾਂਗਰਸੀ ਵਿਧਾਇਕਾਂ ਵੀ ਭਾਜਪਾ ਵਿਚ ਜਾ ਰਲੇ।
ਹੁਣ ਨਿੱਤ ਦਿਨ ਦਾ ਇਹ ਸਿਲਸਲਾ ਅੱਜ ਵੀ ਜਾਰੀ ਰਿਹਾ। ਅੱਜ ਵਿਧਾਨ ਸਭਾ ਹਲਕਾ ਪਾਇਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਈਸ਼ਰ ਸਿੰਘ ਮੇਹਰਬਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲਾ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ।
ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਰਾਮ ਪਾਲ ਸਿੰਘ ਬੀਜਾ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪ੍ਰੋ: ਸਰਚਾਂਦ ਸਿੰਘ ਖ਼ਿਆਲਾ (Sarchand Singh Khiala) ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਇਸ ਤੋਂ ਪਹਿਲਾਂ ਕੱਲ੍ਹ ਸੰਗਰੂਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਕੰਵਰਵੀਰ ਸਿੰਘ ਟੌਹੜਾ ਅਤੇ ਲੁਧਿਆਣਾ ਤੋਂ ਯੂਥ ਅਕਾਲੀ ਆਗੂ ਗੁਰਦੀਪ ਗੋਸ਼ਾ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ। ਇਸ ਤੋਂ ਪਹਿਲਾਂ ਕਾਂਗਰਸ ਦੇ ਵਿਧਾਇਕ ਫਤਿਹਜੰਗ ਬਾਜਵਾ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਭਾਜਪਾ ਦਾ ਦਾਅਵਾ ਹੈ ਆਉਂਦੇ ਦਿਨਾਂ ਵਿਚ ਹੋਰ ਵੀ ਵੱਡੀ ਗਿਣਤੀ ਆਗੂ ਉਨ੍ਹਾਂ ਦੀ ਪਾਰਟੀ ਨਾਲ ਜੁੜਨਗੇ।
ਦੱਸ ਦਈਏ ਕਿ ਭਾਜਪਾ ਦੀ ਇਹ ਸਰਗਰਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਪਿੱਛੋਂ ਸ਼ੁਰੂ ਹੋਈ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਗੈਰ ਰਸਮੀ ਪੱਧਰ ‘ਤੇ ਗੱਲਬਾਤ ਕਰਨ ਵਿਚ ਸਰਗਰਮੀ ਦਿਖਾਈ ਅਤੇ ਸੰਸਦ ਵਿਚ ਖੇਤੀ ਕਾਨੂੰਨਾਂ ਦੀ ਵਾਪਸੀ ਸਬੰਧੀ ਬਿਲ ਪਾਸ ਕਰਵਾ ਕੇ ਰਾਸ਼ਟਰਪਤੀ ਤੋਂ ਮਨਜ਼ੂਰੀ ਦਿਵਾਈ।
ਸਿਆਸੀ ਮਾਹਰ ਦੱਸਦੇ ਹਨ ਕਿ ਭਾਜਪਾ ਦੀ ਸਰਗਰਮੀ ਦਾ ਮੁੱਖ ਨੁਕਤਾ ਇਹ ਸੀ ਕਿ ਕਿਸਾਨ ਜਥੇਬੰਦੀਆਂ ਟਿੱਕਰੀ, ਸਿੰਘੂ ਤੇ ਗਾਜੀਪੁਰ ਤੋਂ ਜਲਦੀ ਵਾਪਸ ਜਾਣ ਅਤੇ ਭਾਜਪਾ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ‘ਤੇ ਆਪਣਾ ਧਿਆਨ ਕੇਂਦਰਿਤ ਕਰ ਸਕੇ।