ਭਵਾਨੀਗੜ੍ਹ (ਵਿਕਾਸ)- ਪਿੰਡ ਭੱਟੀਵਾਲ ਕਲਾਂ ’ਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਪਿੰਡ ਨੇੜੇ ਖੇਤਾਂ ’ਚ ਸ਼ਹੀਦਾਂ ਦੀ ਬਣੀ ਸਮਾਧ ’ਤੇ ਪਏ 3 ਗੁਟਕਾ ਸਾਹਿਬ ’ਚੋਂ ਦੋ ਦੀ ਬੇਅਦਬੀ ਕਰਕੇ ਅਣਪਛਾਤੇ ਵਿਅਕਤੀ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਲੋਕਾਂ ਵੱਲੋਂ ਇਸਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ, ਜਿਸ ਉਪਰੰਤ ਪੁਲਸ ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਖਿਲਰੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਆਪਣੇ ਅਧੀਨ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਗੁਰਚੇਤ ਸਿੰਘ, ਸੁਰਜੀਤ ਸਿੰਘ, ਸੋਹਣ ਸਿੰਘ, ਸ਼ਿਵਦਿਆਲ ਸਿੰਘ ਸਾਬਕਾ ਪੰਚ, ਮੋਹਨ ਸਿੰਘ ਤੇ ਬਾਰੂ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੋਂ ਨਰੈਣਗੜ੍ਹ ਨੂੰ ਜਾਂਦੀ ਸੜਕ ਨੇੜੇ ਸੁਰਜੀਤ ਸਿੰਘ ਅਤੇ ਸੋਹਣ ਸਿੰਘ ਦੇ ਖੇਤਾਂ ’ਚ ਸ਼ਹੀਦਾਂ ਦੀ ਸਮਾਧ ਬਣੀ ਹੋਈ ਹੈ। ਇੱਥੇ ਲੋਕ ਮੱਥਾ ਟੇਕਦੇ ਹਨ ਤੇ ਸਮਾਧ ਨੇੜੇ ਬਣੇ ਕਮਰਿਆਂ ਨੂੰ ਸੰਗਤ ਵੱਲੋਂ ਦਸਵੀਂ ਵਾਲੇ ਦਿਨ ਹੀ ਖੋਲ੍ਹਿਆ ਜਾਂਦਾ ਹੈ। ਸਮਾਧ ਨੇੜੇ ਬਣੀ ਅਲਮਾਰੀ ’ਚ ਧਾਰਮਿਕ ਗੁਟਕਾ ਸਾਹਿਬ ਰੱਖੇ ਹੋਏ ਸਨ ਤੇ ਸੰਗਤ ਵੱਲੋਂ ਗੁਰਬਾਣੀ ਪੜ੍ਹੀ ਜਾਂਦੀ ਹੈ।
ਲੋਕਾਂ ਨੇ ਦੱਸਿਆ ਕਿ ਅੱਜ ਦਸਵੀਂ ਕਰ ਕੇ ਜਦੋਂ ਸੰਗਤ ਉੱਥੇ ਮੱਥਾ ਟੇਕਣ ਲਈ ਆਈ ਤਾਂ ਦੇਖਿਆ ਕਿ ਉੱਥੇ ਪਏ 3 ਗੁਟਕਾ ਸਾਹਿਬਾਂ ’ਚੋਂ 1 ਗੁਟਕਾ ਸਾਹਿਬ ਦੇ ਪੱਤਰੇ ਗਾਇਬ ਸਨ ਸਿਰਫ਼ ਜਿਲਦ ਪਈ ਸੀ ਅਤੇ ਦੂਜੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਨੇੜੇ ਹੀ ਖਿਲਾਰੇ ਪਏ ਸਨ ਜਦੋਂਕਿ ਤੀਜੇ ਗੁਟਕਾ ਸਾਹਿਬ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਗਈ ਸੀ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਵੱਲੋਂ ਗੋਲਕ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਹੀਂ ਹੋ ਸਕੇ।
ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਥਾਣਾ ਮੁਖੀ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਗੁਟਕਾ ਸਾਹਿਬ ਨੂੰ ਆਪਣੇ ਅਧੀਨ ਕਰ ਕੇ ਗੁਟਕਾ ਸਾਹਿਬ ਬਿਰਦ ਹੋਣ ਕਾਰਨ ਸ੍ਰੀ ਦਮਦਮਾ ਸਾਹਿਬ ਭੇਜ ਦਿੱਤੇ ਗਏ। ਥਾਣਾ ਮੁਖੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਕਾਰਵਾਈ ਕਰਦਿਆਂ ਪਰਚਾ ਦਰਜ ਕਰ ਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।