ਚੰਡੀਗੜ੍ਹ- 14 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ। ਸਾਰੀਆਂ ਸਿਆਸੀ ਧਿਰਾਂ ਨੇ ਆਪਣੀ ਤਿਆਰੀ ਖਿਚੀਆਂ ਹੋਈਆਂ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਚੋਣਾਂ ਨੂੰ ਲੈਕੇ ਨਿਊਜ਼18 ਨਾਲ ਗੱਲਬਾਤ ਕੀਤੀ। ਇਸ ਮੌਕੇ ਸੁਖਬੀਰ ਬਾਦਲ ਨੇ ਕਾਂਗਰਸ ਉਤੇ ਜੰਮ ਕੇ ਨਿਸ਼ਾਨੇ ਲਾਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਅੰਦਰੂਨੀ ਕਲੇਸ਼ ਚਲ ਰਿਹਾ ਹੈ। ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਰੇ ਹੀ ਮੁੱਖ ਮੰਤਰੀ ਬਣਨਾ ਚਾਹੁਦੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਉਤੇ ਸ਼ਬਦੀ ਵਾਰ ਕਰਦਿਆਂ ਆਖਿਆ ਕਿ ਚੰਨੀ ਸਰਕਾਰ ਨੇ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਸਿਰਫ ਬੋਰਡ ਲਗਵਾਏ ਹਨ ਪਰ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ਝੂਠੇ ਬੋਰਡਾਂ ਅਤੇ ਝੂਠੇ ਵਾਅਦੇ ਕਰਨ ਵਾਲਿਆਂ ਦੀ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ। ਚੰਨੀ ਸਰਕਾਰ ਦੇ ਜਿਹੜੇ ਫੈਸਲੇ ਲੋਕਾਂ ਹਿੱਤ ਵਿੱਚ ਉਹ ਲਾਗੂ ਰਹਿਣਗੇ। ਕਾਂਗਰਸ ਸਰਕਾਰ ਦੇ ਗਲਤ ਫੈਸਲਿਆਂ ਦੀ ਜਾਂਚ ਕਰਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸੱਤਾ ਵਿੱਚ ਵਾਪਸੀ ਹੋਵੇਗੀ। ਸਾਡੀ ਅਕਾਲੀ-ਬਸਪਾ ਗਠਜੋੜ ਵਾਲੀ ਸਰਕਾਰ ਆਉਣ ਉਤੇ ਮੁੜ ਪਾਣੀ ਵਾਲੀ ਬੱਸ ਚਲਾਈ ਜਾਵੇਗੀ। ਨਵਜੋਤ ਸਿੱਧੂ ਖਿਲਾਫ ਵੀ ਪਰਚਾ ਦਰਜ ਹੋਵੇਗਾ, ਜਿਨੇ ਬੱਸ ਨੂੰ ਬੰਦ ਕਰਵਾ ਕੇ ਲੋਕਾਂ ਦੇ ਪੈਸੇ ਦਾ ਨੁਕਸਾਨ ਕੀਤਾ ਹੈ। ਸੱਤਾ ਵਿੱਚ ਆਉਂਦਿਆਂ ਹੀ ਬੰਦ ਹੋਏ ਸੁਵਿਧਾ ਸੈਂਟਰ ਮੁੜ ਤੋਂ ਖੋਲੇ ਜਾਣਗੇ।
ਸੁਖਬੀਰ ਬਾਦਲ ਨੇ ਆਪ ਉਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਆਪ ਸੱਤਾ ਵਿੱਚ ਆਉਣ ਲਈ ਝੂਠ ਦਾ ਪ੍ਰਚਾਰ ਕਰ ਰਹੀ ਹੈ। ਆਪ ਵੱਲੋਂ ਸਕੂਲ ਅਤੇ ਹਸਪਤਾਲ ਬਣਾਉਣ ਦਾ ਦਾਅਵਾ ਸਿਰਫ ਝੂਠ ਦਾ ਪੁਲੰਦਾ ਹੈ। ਆਮ ਆਦਮੀ ਪਾਰਟੀ ਨੇ ਪਿਛਲੀ ਵਾਰ ਵੀ ਟਿਕਟਾਂ ਵੇਚੀਆਂ ਸਨ ਅਤੇ ਇਸ ਵਾਰ ਵੀ ਵਿਕ ਰਹੀਆਂ ਹਨ। ਕੇਜਰੀਵਾਲ ਸੋਚਦਾ ਹੈ ਕਿ ਜੇਕਰ ਤੁਸੀਂ ਟਿਕਟ ਤੋਂ ਕਮਾਈ ਕਰਦੇ ਹੋ ਤਾਂ ਲੋਕ ਉਸ ਦੇ ਨਾਮ ‘ਤੇ ਵੋਟ ਪਾਉਣਗੇ। ਪਰ ਇਹ ਉਸਦੀ ਗਲਤਫਹਿਮੀ ਹੈ। ਉਨ੍ਹਾਂ ਨੇ ਸਭ ਤੋਂ ਭ੍ਰਿਸ਼ਟ ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ। ਕੇਜਰੀਵਾਲ ਦੇ ਨਾਂ ‘ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ, ਉਨ੍ਹਾਂ ਨੇ ਕਦੇ ਨਹੀਂ ਕਿਹਾ ਕਿ ਭਗਵੰਤ ਮਾਨ ਨੂੰ ਵੋਟ ਦਿਓ।
ਸੁਖਬੀਰ ਬਾਦਲ ਨੇ ਕਿਹਾ ਕਿ ਬਿਕਰਮ ਮਜੀਠੀਆ ਵੀ ਅਕਾਲੀ ਦਲ ਦੇ ਸਟਾਰ ਪ੍ਰਚਾਰਕ ਹੋਣਗੇ। ਉਹ ਪੰਜਾਬ ਭਰ ਵਿੱਚ ਪ੍ਰਚਾਰ ਕਰਨਗੇ। ਪੰਜਾਬ ਲਈ ਮੇਰੇ ਦੋ ਮੁੱਖ ਟੀਚੇ ਸਿਹਤ ਅਤੇ ਸਿੱਖਿਆ ਹਨ। ਪੰਜਾਬ ਦੇ ਹਰ ਜ਼ਿਲ੍ਹੇ ਵਿੱਚ 500 ਬਿਸਤਰਿਆਂ ਦਾ ਹਸਪਤਾਲ ਅਤੇ ਮੁਫ਼ਤ ਉੱਚ ਸਿੱਖਿਆ ਦੇਣਾ ਪਹਿਲ ਹੋਵੇਗੀ। ਪੰਜਾਬ ਵਿੱਚ ਚੱਲ ਰਹੀ ਨਕਲੀ ਸਿੱਖਿਆ ਬੰਦ ਹੋਵੇਗੀ। ਪੰਜਾਬ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲੇਗੀ।
ਸੱਤਾ ਵਿੱਚ ਆਉਂਦੇ ਹੀ ਸ਼ਰਾਬ ਸਬੰਧੀ ਨਿਗਮ ਬਣਾਇਆ ਜਾਵੇਗਾ। ਕਿਸੇ ਵਿਅਕਤੀ ਨੂੰ 10 ਸਾਲ ਲਈ ਸ਼ਰਾਬ ਦਾ ਠੇਕਾ ਦਿੱਤਾ ਜਾਵੇਗਾ । ਨੌਜਵਾਨਾਂ ਨੂੰ ਲਾਇਸੈਂਸ ਦਿੱਤੇ ਜਾਣਗੇ। ਕਿਸੇ ਨੂੰ ਇੱਕ ਤੋਂ ਵੱਧ ਦੁਕਾਨਾਂ ਦਾ ਲਾਇਸੈਂਸ ਨਹੀਂ ਦਿੱਤਾ ਜਾਵੇਗਾ।