ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਦੇਰ ਸ਼ਾਮ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ’ਚ ਮੱਥਾ ਟੇਕਿਆ। ਇਸ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਮੇਰੇ ਬਾਰੇ ਆਪਣਾ ਹਲਕਾ ਚਮਕੌਰ ਸਾਹਿਬ ਛੱਡਣ ਦੀ ਅਫ਼ਵਾਹ ਫੈਲਾਈ ਜਾ ਰਹੀ ਹੈ।
ਇਹ ਵਿਰੋਧੀਆਂ ਦੀ ਚਾਲ ਹੈ। ਵੋਟਰਾਂ ਨੂੰ ਅਜਿਹੀਆਂ ਸਾਜ਼ਿਸ਼ਾਂ ਤੋਂ ਬਚਣਾ ਚਾਹੀਦਾ ਹੈ। ਜੇਕਰ ਹਾਈ ਕਮਾਨ ਮੈਨੂੰ ਦੋ ਹਲਕਿਆਂ ਤੋਂ ਲੜਾਉਂਦੀ ਹੈ ਤਾਂ ਮੈਂ ਜ਼ਰੂਰ ਲੜਾਂਗਾ। ਦੋਵਾਂ ਸੀਟਾਂ ’ਤੇ ਜਿੱਤ ਦਰਜ ਕਰਾਂਗੇ। ਮੈਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਆਇਆ ਸੀ। ਇਸ ਖੇਤਰ ਨੇ ਮੈਨੂੰ ਵਿਧਾਇਕ ਦਾ ਰੁਤਬਾ ਦਿਵਾਇਆ ਤੇ ਗੁਰੂ ਮਹਾਰਾਜ ਨੇ ਮੁੱਖ ਮੰਤਰੀ ਦੇ ਅਹੁਦੇ ਤਕ ਪਹੁੰਚਾ ਦਿੱਤਾ। ਜੇਕਰ ਵਾਹਿਗੁਰੂ ਨੇ ਮੈਨੂੰ ਦੁਬਾਰਾ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ, ਤਾਂ ਚਮਕੌਰ ਸਾਹਿਬ ਨੂੰ ਸੈਰ ਸਪਾਟਾ ਨਗਰੀ ਦੇ ਰੂਪ ’ਚ ਵਿਕਸਿਤ ਕਰ ਕੇ ਵਿਸ਼ਵ ਨਕਸ਼ੇ ’ਤੇ ਲਿਆਂਦਾ ਜਾਵੇਗਾ। ਇਸ ਤੋਂ ਬਾਅਦ ਉਹ ਮੋਰਿੰਡਾ ਸਥਿਤ ਆਪਣੇ ਨਿਵਾਸ ਲਈ ਰਵਾਨਾ ਹੋ ਗਏ।