ਕਿਸਾਨਾਂ ਵੱਲੋਂ ਸੰਘਰਸ਼ ਮੁਲਤਵੀ ਕਰਨ ਤੋਂ ਬਾਅਦ ਅੱਜ 15 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ ਸਿੰਘੂ ਬਾਰਡਰ ਕੋਲ ਕਜਾਰੀਆ ਟਾਈਲਸ (ਕੁੰਡਲੀ) ਵਿਖੇ ਹੋਵੇਗੀ। ਮੋਰਚੇ ਦੀ 9 ਮੈਂਬਰੀ ਤਾਲਮੇਲ ਕਮੇਟੀ ਨੇ ਵੀ ਦਿੱਲੀ ਵਿੱਚ ਬੈਠਕ ਕੀਤੀ।
ਬੈਠਕ ਦੌਰਾਨ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਐੱਮਐੱਸਪੀ ਬਾਰੇ ਕਮੇਟੀ ਨਾ ਬਣਾਉਣ ਅਤੇ ਲਖੀਮਪੁਰ ਖੀਰੀ ਮੁੱਦੇ ਦਾ ਕੋਈ ਠੋਸ ਹੱਲ ਨਾ ਕੱਢੇ ਜਾਣ ਜਿਹੀਆਂ ਮੰਗਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਮੀਟਿੰਗ ਵਿੱਚ ਕਿਸਾਨ ਅੰਦੋਲਨ ਦੇ ਅਗਲੇ ਪੜਾਅ ਨੂੰ ਸੇਧ ਦੇਣ ਬਾਰੇ ਨਿੱਠ ਕੇ ਚਰਚਾ ਕੀਤੀ ਜਾਵੇਗੀ ਕਿਉਂਕਿ ਕੇਂਦਰ ਸਰਕਾਰ ਨੇ ਐੱਮਐੱਸਪੀ ਬਾਰੇ ਕਮੇਟੀ ਨਹੀਂ ਬਣਾਈ ਹੈ ਜਿਸ ਵਿੱਚ ਕਿਸਾਨਾਂ ਦੇ ਮੈਂਬਰ ਵੀ ਸ਼ਾਮਲ ਕੀਤੇ ਜਾਣੇ ਸਨ।
ਡਾ. ਦਰਸ਼ਨ ਪਾਲ ਅਤੇ ਹੋਰ ਆਗੂ ਵੀ ਸਿੰਘੂ ਬਾਰਡਰ ਪੁੱਜ ਗਏ ਹਨ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਚੋਣ ਲੜਨ ਲਈ ਮੋਰਚਾ ਬਣਾਇਆ ਹੈ, ਉਸ ਦਾ ਮਿਲਦਾ-ਜੁਲਦਾ ਨਾਂ ਰੱਖਣਾ ਵਿਵਾਦ ਦਾ ਮੁੱਦਾ ਬਣੇਗਾ ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਾਂ ਹੀ ਐਲਾਨਿਆ ਗਿਆ ਸੀ ਕਿ ਉਹ ਚੋਣਾਂ ਦਾ ਹਿੱਸਾ ਕਦੇ ਨਹੀਂ ਬਣੇਗਾ।