ਕਿਹਾ – ਫਗਵਾੜਾ ਨੂੰ ਜਿਲ੍ਹਾ ਬਣਾ ਕੇ ਹੀ ਸਾਹ ਲੈਣਗੇ
ਫਗਵਾੜਾ ਜਨਵਰੀ (ਰੀਤ ਪ੍ਰੀਤ ਪਾਲ ਸਿੰਘ ) ਕਾਂਗਰਸ ਪਾਰਟੀ ਨੂੰ ਅਲਵਿਦਾ ਆਖਣ ਤੋਂ ਬਾਅਦ ਬੀਤੇ ਦਿਨ ਦਿੱਲੀ ਵਿਖੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਕੇ ਫਗਵਾੜਾ ਪੁੱਜਣ ਤੇ ਜੋਗਿੰਦਰ ਸਿੰਘ ਮਾਨ ਦਾ ਅੱਜ ਉਹਨਾਂ ਦੇ ਸਮਰਥਕਾਂ ਤੇ ‘ਆਪ’ ਦੇ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਜੋਗਿੰਦਰ ਸਿੰਘ ਮਾਨ ਫਗਵਾੜਾ ਪੁੱਜ ਕੇ ਸਭ ਤੋਂ ਪਹਿਲਾਂ ਬੰਗਾ ਰੋਡ ਸਥਿਤ ਸ੍ਰੀ ਵਿਸ਼ਵਕਰਮਾ ਮੰਦਰ ਵਿਖੇ ਨਤਮਸਤਕ ਹੋਏ। ਉਪਰੰਤ ਗੁਰੂ ਹਰਗੋਬਿੰਦ ਨਗਰ ਸਥਿਤ ਡਾ. ਅੰਬੇਡਕਰ ਪਾਰਕ ‘ਚ ਸਥਾਪਤ ਬਾਬਾ ਸਾਹਿਬ ਦੇ ਬੁੱਤ ‘ਤੇ ਫੁਲਮਾਲਾ ਭੇਂਟ ਕਰਕੇ ਅਸ਼ੀਰਵਾਦ ਲਿਆ। ਸਾਬਕਾ ਮੰਤਰੀ ਮਾਨ ਦੇ ਆਪ ਵਿਚ ਸ਼ਾਮਲ ਹੋਣ ਨਾਲ ਉਤਸ਼ਾਹਤ ਉਹਨਾਂ ਦੇ ਸਮਰਥਕਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਕੂਟਰਾਂ, ਮੋਟਰਸਾਇਕਲਾਂ ਅਤੇ ਕਾਰਾਂ ਦੇ ਕਾਫਿਲੇ ਦੇ ਰੂਪ ਵਿਚ ਉਹਨਾਂ ਨੂੰ ਘਰ ਤੱਕ ਪਹੁੰਚਾਇਆ। ਇਸ ਦੌਰਾਨ ਢੋਲ ਢਮੱਕੇ, ਝਾੜੂ ਦੇ ਚੋਣ ਨਿਸ਼ਾਨ ਵਾਲੇ ਝੰਡੇ ਅਤੇ ਆਮ ਆਦਮੀ ਪਾਰਟੀ ਜਿੰਦਾਬਾਦ, ਜੋਗਿੰਦਰ ਸਿੰਘ ਮਾਨ ਜਿੰਦਾਬਾਦ ਦੇ ਅਕਾਸ਼ ਗੁੰਜਾਊ ਨਾਅਰਿਆਂ ਵਿਚਕਾਰ ਗੱਲਬਾਤ ਕਰਦਿਆਂ ਸ੍ਰ. ਮਾਨ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਫਗਵਾੜਾ ਦੇ ਹਿਤਾਂ ਨਾਲ ਸਮਝੌਤਾ ਨਹੀਂ ਕੀਤਾ ਹੈ ਅਤੇ ਹੁਣ ਵੀ ਫਗਵਾੜਾ ਨੂੰ ਜਿਲ੍ਹਾ ਬਣਾ ਕੇ ਹੀ ਸਾਹ ਲੈਣਗੇ। ਉਹਨਾਂ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਦਾਅਵੇ ਨਾਲ ਕਿਹਾ ਕਿ ਫਗਵਾੜਾ ਵਿਧਾਨਸਭਾ ਹਲਕੇ ਤੋਂ ਇਸ ਵਾਰ ਆਪ ਪਾਰਟੀ ਇਤਿਹਾਸਕ ਜਿੱਤ ਪ੍ਰਾਪਤ ਕਰੇਗੀ ਅਤੇ ਪੰਜਾਬ ਵਿਚ ਸਰਕਾਰ ਵੀ ਬਣਾਏਗੀ। ਮਾਨ ਨੇ ਕਿਹਾ ਕਿ ਵਰਕਰਾਂ ਅਤੇ ਸਮਰਥਕਾਂ ਨਾਲ ਮੀਟਿੰਗ ਉਪਰੰਤ ਜਲਦੀ ਹੀ ਵਿਧਾਨਸਭਾ ਚੋਣਾਂ ਨੂੰ ਲੈ ਕੇ ਸਿਆਸੀ ਗਤੀਵਿਧੀਆਂ ਸ਼ੁਰੂ ਕਰਨ ਦੀ ਗੱਲ ਵੀ ਕਹੀ।
ਤਸਵੀਰਾਂ ਸਮੇਤ।