ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਚੋਣ ਲੜਨ ਤੋ ਨਾਂਹ ਕਰ ਦਿੱਤੀ ਹੈ ਜਦਕਿ ਜਾਖੜ ਦੇ ਸਿਆਸੀ ਵਿਰੋਧੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉੱਤਰੇ ਹਨ। ਦਿਲਚਸਪ ਗੱਲ ਇਹ ਹੈ ਕਿ ਜਾਖੜ ਪਰਿਵਾਰ ਦੀ ਤੀਜੀ ਪੀੜ੍ਹੀ ਵਿਚੋਂ ਯਾਨੀ ਸੁਨੀਲ ਜਾਖੜ ਦਾ ਭਤੀਜਾ ਸੰਦੀਪ ਜਾਖੜ ਅਬੋਹਰ ਤੋਂ ਚੋਣ ਮੈਦਾਨ ਵਿਚ ਕੁੱਦਿਆ ਹੈ। ਦੋ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਅਤੇ ਚੌਧਰੀ ਸੰਤੋਖ ਸਿੰਘ ਆਪਣੇ ਪੁੱਤਰਾਂ ਨੂੰ ਕ੍ਰਮਵਾਰ ਕਮਲ ਅਮਰ ਸਿੰਘ ਨੂੰ ਰਾਏਕੋਟ ਅਤੇ ਵਿਕਰਮ ਸਿੰਘ ਚੌਧਰੀ ਨੂੰ ਫਿਲੌਰ ਹਲਕਿਆਂ ਤੋਂ ਟਿਕਟ ਦਿਵਾਉਣ ਵਿਚ ਕਾਮਯਾਬ ਹੋ ਗਏ ਹਨ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੇ ਪੁੱਤਰ ਮੋਹਿਤ ਮਹਿੰਦਰਾ ਨੂੰ ਅਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਆਪਣੇ ਪੁੱਤਰ ਰਾਜਿੰਦਰ ਸਿੰਘ ਨੂੰ ਸਮਾਣਾ ਤੋਂ ਟਿਕਟ ਦਿਵਾ ਦਿੱਤੀ ਹੈ ਜਦੋਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਭਰਾ ਡਾ. ਮਨੋਹਰ ਸਿੰਘ ਨੂੰ ਬਸੀ ਪਠਾਣਾ ਹਲਕੇ ਤੋਂ ਟਿਕਟ ਦਿਵਾਉਣ ’ਚ ਕਾਮਯਾਬ ਨਹੀਂ ਹੋ ਸਕੇ। ਡਾ. ਮਨੋਹਰ ਸਿੰਘ ਬਸੀ ਹਲਕੇ ਵਿਚ ਸਰਗਰਮ ਸੀ ਤੇ ਟਿਕਟ ਲੈਣ ਦਾ ਦਾਅਵਾ ਪੇਸ਼ ਕਰ ਰਹੇ ਸਨ। ਦੂਸਰੇ ਪਾਸੇ ਨਵਜੋਤ ਸਿੱਧੂ ਨੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦੀ ਪਿੱਠ ਥਾਪੜੀ ਸੀ ਅਤੇ ਟਿਕਟ ਜੀਪੀ ਦੀ ਝੋਲੀ ਵਿਚ ਪਈ ਹੈ।
ਤਿੰਨ ਯੂਥ ਪ੍ਰਧਾਨਾਂ ’ਤੇ ਹਾਈ ਕਮਾਨ ਦੀ ਨਜ਼ਰ ਸਵੱਲੀ ਹੋਈ
ਪਾਰਟੀ ਹਾਈ ਕਮਾਨ ਨੇ ਯੂਥ ਕਾਂਗਰਸ ਦੇ ਪ੍ਰਧਾਨ ਤੇ ਦੋ ਸਾਬਕਾ ਪ੍ਰਧਾਨਾਂ ’ਤੇ ਵੀ ਦਾਅ ਖੇਡਿਆ ਹੈ। ਜਾਰੀ ਲਿਸਟ ਅਨੁਸਾਰ ਮੌਜੂਦਾ ਯੂਥ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਰੂਪਨਗਰ ਅਤੇ ਸਾਬਕਾ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਨੂੰ ਗੜਸ਼ੰਕਰ ਤੇ ਵਿਕਰਮਜੀਤ ਚੌਧਰੀ ਨੂੰ ਫਿਲੌਰ ਤੋ ਉਮੀਦਵਾਰ ਬਣਾਇਆ ਹੈ।
ਇਨ੍ਹਾਂ ਵਿਧਾਇਕਾਂ ਬਾਰੇ ਅਜੇ ਨਹੀਂ ਹੋਇਆ ਫ਼ੈਸਲਾ
ਕਾਂਗਰਸ ਨੇ ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ ਵਿਚ 60 ਵਿਧਾਇਕਾਂ ਨੂੰ ਮੁੜ ਟਿਕਟਾਂ ਦਿੱਤੀਆਂ ਹਨ। ਚਾਰ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਫਤਿਹ ਬਾਜਵਾ (ਤਿੰਨੇ ਵਿਧਾਇਕ) ਪਹਿਲਾਂ ਹੀ ਪਾਰਟੀ ਛੱਡ ਚੁੱਕੇ ਸਨ। ਹੁਣ 13 ਵਿਧਾਇਕਾਂ ਅਟਾਰੀ ਤੋਂ ਤਰਸੇਮ ਸਿੰਘ ਡੀਸੀ, ਫਾਜ਼ਿਲਕਾ ਤੋਂ ਦਵਿੰਦਰ ਸਿੰਘ ਘੁਬਾਇਆ, ਜਲਾਲਾਬਾਦ ਤੋਂ ਰਵਿੰਦਰ ਆਵਲਾ, ਫ਼ਿਰੋਜ਼ਪੁਰ ਦਿਹਾਤੀ ਤੋਂ ਸਤਕਾਰ ਕੌਰ, ਗਿੱਲ ਤੋਂ ਕੁਲਦੀਪ ਸਿੰਘ ਵੈਦ, ਸਮਰਾਲਾ ਤੋਂ ਅਮਰੀਕ ਸਿੰਘ ਢਿੱਲੋਂ, ਭੋਆ ਤੋਂ ਜੋਗਿੰਦਰ ਪਾਲ, ਸ਼ੁਤਰਾਣਾ ਤੋਂ ਨਿਰਮਲ ਸਿੰਘ, ਨਵਾਂਸ਼ਹਿਰ ਤੋਂ ਅੰਗਦ ਸਿੰਘ ਸੈਣੀ, ਅਮਰਗੜ੍ਹ ਤੋਂ ਸੁਰਜੀਤ ਧੀਮਾਨ, ਖਡੂਰ ਸਾਹਿਬ ਤੋਂ ਰਮਨਜੀਤ ਸਿੰਘ ਸਿੱਕੀ, ਖੇਮਕਰਨ ਤੋਂ ਸੁਖਪਾਲ ਭੁੱਲਰ ਦੀ ਟਿਕਟ ਬਾਰੇ ਪਾਰਟੀ ਫ਼ੈਸਲਾ ਨਹੀਂ ਲੈ ਸਕੀ।
ਮੰਤਰੀ ਅਹੁਦਾ ਨਹੀਂ ਬਚਾਅ ਸਕੇ ਪਰ ਉਮੀਦਵਾਰੀ ਬਚਾਈ
ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿਚੋਂ ਬਾਹਰ ਕੀਤੇ ਗਏ ਕੈਬਨਿਟ ਮੰਤਰੀ (ਸਾਬਕਾ) ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ ਅਤੇ ਗੁਰਪ੍ਰੀਤ ਕਾਂਗੜ ਬੇਸ਼ੱਕ ਮੰਤਰੀ ਦਾ ਅਹੁਦਾ ਨਹੀਂ ਬਚਾਅ ਸਕੇ ਪਰ ਆਪਣੀ ਉਮੀਦਵਾਰੀ ਬਚਾਉਣ ਵਿਚ ਕਾਮਯਾਬ ਹੋ ਗਏ ਹਨ ਜਦਕਿ ਰਾਣਾ ਸੋਢੀ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਸਾਧੂ ਸਿੰਘ ਧਰਮਸੋਤ ਨੂੰ ਨਾਭਾ ਤੋਂ, ਕਾਂਗੜ ਨੂੰ ਰਾਮਪੁਰਾ ਫੂਲ ਤੋਂ, ਸੁੰਦਰ ਸ਼ਾਮ ਅਰੋੜਾ ਨੂੰ ਹੁਸ਼ਿਆਰਪੁਰ ਅਤੇ ਬਲਬੀਰ ਸਿੱਧੂ ਨੂੰ ਮੋਹਾਲੀ ਤੋਂ ਟਿਕਟ ਮਿਲ ਗਈ ਹੈ।
ਮੰਤਰੀ ਅਹੁਦਾ ਨਹੀਂ ਬਚਾਅ ਸਕੇ ਪਰ ਉਮੀਦਵਾਰੀ ਬਚਾਈ
ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿਚੋਂ ਬਾਹਰ ਕੀਤੇ ਗਏ ਕੈਬਨਿਟ ਮੰਤਰੀ (ਸਾਬਕਾ) ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ ਅਤੇ ਗੁਰਪ੍ਰੀਤ ਕਾਂਗੜ ਬੇਸ਼ੱਕ ਮੰਤਰੀ ਦਾ ਅਹੁਦਾ ਨਹੀਂ ਬਚਾਅ ਸਕੇ ਪਰ ਆਪਣੀ ਉਮੀਦਵਾਰੀ ਬਚਾਉਣ ਵਿਚ ਕਾਮਯਾਬ ਹੋ ਗਏ ਹਨ ਜਦਕਿ ਰਾਣਾ ਸੋਢੀ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਸਾਧੂ ਸਿੰਘ ਧਰਮਸੋਤ ਨੂੰ ਨਾਭਾ ਤੋਂ, ਕਾਂਗੜ ਨੂੰ ਰਾਮਪੁਰਾ ਫੂਲ ਤੋਂ, ਸੁੰਦਰ ਸ਼ਾਮ ਅਰੋੜਾ ਨੂੰ ਹੁਸ਼ਿਆਰਪੁਰ ਅਤੇ ਬਲਬੀਰ ਸਿੱਧੂ ਨੂੰ ਮੋਹਾਲੀ ਤੋਂ ਟਿਕਟ ਮਿਲ ਗਈ ਹੈ।
9 ਔਰਤਾਂ ’ਤੇ ਭਰੋਸਾ ਪ੍ਰਗਟਾਇਆ
ਕਾਂਗਰਸ ਨੇ 9 ਔਰਤਾਂ ’ਤੇ ਭਰੋਸਾ ਪ੍ਰਗਟ ਕਰਦਿਆਂ ਚੋਣ ਮੈਦਾਨ ਵਿਚ ਉਤਾਰਿਆ ਹੈ ਜਿਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਲਹਿਰਾ, ਕੈਬਨਿਟ ਮੰਤਰੀ ਅਰੁਣਾ ਚੌਧਰੀ ਨੂੰ ਦੀਨਾਨਗਰ ਤੇ ਰਜ਼ੀਆ ਸੁਲਤਾਨਾ ਨੂੰ ਮਲੇਰਕੋਟਲਾ, ਇੰਦੂਬਾਲਾ ਨੂੰ ਮੁਕੇਰੀਆਂ, ਮਾਲਵਿਕਾ ਸੂਦ ਨੂੰ ਮੋਗਾ, ਰਾਜਿੰਦਰ ਕੌਰ ਨੂੰ ਬੱਲੂਆਣਾ, ਰੁਪਿੰਦਰ ਕੌਰ ਰੂਬੀ ਨੂੰ ਮਲੋਟ ਤੇ ਰਣਬੀਰ ਕੌਰ ਨੂੰ ਬੁੱਢਲਾਡਾ ਤੋਂ ਉਮੀਦਵਾਰ ਬਣਾਇਆ ਹੈ। ਵੈਸੇ ਕਾਂਗਰਸ ਸਥਾਨਕ ਚੋਣਾਂ ਵਿਚ ਔਰਤਾਂ ਨੂੰ 50 ਫ਼ੀਸਦੀ ਅਤੇ ਨੌਕਰੀਆਂ ਵਿਚ 33 ਫ਼ੀਸਦੀ ਰਾਖਵਾਂਕਰਨ ਦੇਣ ਦਾ ਦਾਅਵਾ ਭਰਦੀ ਹੈ।