ਕਪੂਰਥਲਾ : ਈਡੀ ਦੀ ਗ੍ਰਿਫ਼ਤ ’ਚ ਫਸੇ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਨੇ ਵਿਧਾਨ ਸਭਾ ਹਲਕਾ ਭੁਲੱਥ ਤੋਂ ਉਮੀਦਵਾਰ ਐਲਾਨ ਕੀਤਾ ਹੈ। ਖਹਿਰਾ ਭਾਵੇਂ ਜੇਲ੍ਹ ’ਚ ਬੈਠੇ ਹਨ, ਪਰ ਉਹ ਵਿਧਾਨ ਸਭਾ ਚੋਣਾਂ ਲੜਨਗੇ। ਸ਼੍ਰ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਸ਼ਾਇਦ ਪਹਿਲੇ ਅਜਿਹੇ ਨੇਤਾ ਹੋਣਗੇ, ਜੋ ਜੇਲ੍ਹ ’ਚ ਬੈਠੇ ਚੋਣ ਲੜਨਗੇ, ਪਰ ਮਾਨ ਦਾ ਮਾਮਲਾ ਪੰਥਰ ਹਾਲਾਤ ਨਾਲ ਜੁੜਿਆ ਹੋਇਆ ਸੀ ਅਤੇ ਖਹਿਰਾ ਦਾ ਮਾਮਲਾ ਮਨੀ ਲਾਂਡਰਿੰਗ ਨਾਲ ਜੁੜਿਆ ਹੈ।
ਖਹਿਰਾ ਦੇ ਮਾਮਲੇ ’ਚ ਅਗਲੀ 18 ਜਨਵਰੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਸੁਣਵਾਈ ਹੋਣੀ ਹੈ, ਜਿਸ ’ਚ ਜੇਕਰ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਖੁੱਲ੍ਹ ਕੇ ਸਿਆਸੀ ਪਿੜ ’ਚ ਕੁੱਦ ਸਕਣਗੇ, ਪਰ ਜੇਕਰ ਜ਼ਮਾਨਤ ਨਾ ਮਿਲੀ ਤਾਂ ਉਨ੍ਹਾਂ ਦੇ ਬੇਟੇ ਮਹਿਤਾਬ ਸਿੰਘ ਖਹਿਰਾ ਜਾਂ ਤਾਂ ਆਪਣੇ ਪਿਤਾ ਦੀ ਚੋਣ ਮੁਹਿੰਮ ਚਲਾਉਣਗੇ, ਜਾਂ ਹਾਈਕਮਾਨ ਉਨ੍ਹਾਂ ਦੇ ਬੇਟੇ ਨੂੰ ਉਮੀਦਵਾਰ ਬਣਾ ਸਕਦੀ ਹੈ।
ਸੁਖਪਾਲ ਸਿੰਘ ਖਹਿਰਾ ਦੇ ਪਿਤਾ ਸੁਖਜਿੰਦਰ ਸਿੰਘ ਟਕਸਾਲੀ ਅਕਾਲੀ ਨੇਤਾ ਸਨ। ਉਹ ਬਦਲ ਸਰਕਾਰ ’ਚ ਸਿੱਖਿਆ ਮੰਤਰੀ ਰਹਿ ਚੁੱਕੇ ਹਨ, ਜਿਨ੍ਹਾਂ ਦੇ ਦੇਹਾਂਤ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਸਿਆਸਤ ’ਚ ਕਦਮ ਰੱਖਿਆ, ਪਰ ਖਹਿਰਾ ਨੇ ਅਕਾਲੀ ਦਲ ਦੀ ਬਜਾਏ ਕਾਂਗਰਸ ਤੋਂ ਆਪਣੀ ਸਿਆਸੀ ਪਾਰੀ ਸ਼ੁਰੂ ਕੀਤੀ। ਪਹਿਲੀ ਵਾਰ ਉਨ੍ਹਾਂ ਨੇ ਪੰਥਕ ਗੜ੍ਹ ਮੰਨੇ ਜਾਂਦੇ ਭੁਲੱਥ ਹਲਕੇ ਤੋਂ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਹਰਾ ਕੇ ਬਹੁਤ ਵੱਡਾ ਸਿਆਸੀ ਉਲਟ ਫੇਰ ਕੀਤਾ ਸੀ, ਪਰ ਸੁਖਪਾਲ ਸਿੰਘ ਖਹਿਰਾ ਆਪਣੇ ਗਰਮ ਰਵੱਈਏ ਕਾਰਨ ਕਾਂਗਰਸ ਲੀਡਰਸ਼ਿਪ ਦੇ ਨਿਸ਼ਾਨੇ ’ਤੇ ਆ ਗਏ, ਜਿਸ ਕਾਰਨ ਉਨ੍ਹਾਂ ਨੂੰ ਪਿਛਲੀ ਵਾਰ ਕਾਂਗਰਸ ਛੱਡ ਕੇ ਆਪ ਦੀ ਟਿਕਟ ’ਤੇ ਚੋਣ ਲੜਨੀ ਪਈ। ਉਹ ਆਪ ਵਿਧਾਇਕ ਦਲ ਦੇ ਨੇਤਾ ਰਹੇ।
ਗਰਮ ਰਵੱਈਏ ਕਾਰਨ ਹੀ ਖਹਿਰਾ ਦਾ ਆਪ ਨਾਲ ਤਕਰਾਰ ਹੋਇਆ ਅਤੇ ਉਨ੍ਹਾਂ ਨੇ ਪੰਜਾਬ ਏਕਤਾ ਪਾਰਟੀ ਦਾ ਗਠਨ ਕੀਤਾ, ਪਰ ਪਿਛਲੇ ਸਾਲ ਉਹ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੇਰਨਾ ਨਾਲ ਕਾਂਗਰਸ ’ਚ ਵਾਪਸ ਆ ਗਏ। ਵਿਵਾਦਾਂ ਕਾਰਨ ਕੈਪਟਨ ਅਮਰਿੰਦਰ ਸਿੰਘ ਤਾਂ ਕਾਂਗਰਸ ਛੱਡ ਗਏ, ਪਰ ਖਹਿਰਾ ਕਾਂਗਰਸ ਦੇ ਨਾਲ ਹੀ ਖੜ੍ਹੇ ਹਨ। ਇਸ ਕਾਰਨ ਈਡੀ ਦੀ ਗ੍ਰਿਫ਼ਤ ’ਚ ਹੋਣ ਦੇ ਬਾਵਜੂਦ ਕਾਂਗਰਸ ਨੇ ਖਹਿਰਾ ਨੂੰ ਭੁਲੱਥ ਤੋਂ ਉਮੀਦਵਾਰ ਐਲਾਨ ਕਰ ਕੇ ਰਾਣਾ ਗੁਰਜੀਤ ਸਿੰਘ ਦੇ ਕਿਸੇ ਹਮਾਇਤੀ ਨੂੰ ਟਿਕਟ ਮਿਲਣ ਦੀਆਂ ਤਮਾਮ ਕਿਆਸਅਰਾਈਆਂ ਨੂੰ ਨਕਾਰ ਦਿੱਤਾ ਹੈ।
ਭੁਲੱਥ ਹਲਕੇ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਸੁਖਪਾਲ ਸਿੰਘ ਖਹਿਰਾ ਈਡੀ ਵੱਲੋਂ ਮਨੀ ਲਾਂਡਰਿੰਗ ਦੇ ਦਾਇਰ ਮਾਮਲੇ ਕਾਰਨ ਇਸ ਸਮੇਂ ਪਟਿਆਲਾ ਜੇਲ੍ਹ ’ਚ ਬੰਦ ਹਨ। ਖਹਿਰਾ ਦੀ ਹਲਕੇ ’ਚ ਗ਼ੈਰ ਮੌਜ਼ੂਦਗੀ ਕਾਰਨ ਉਨ੍ਹਾਂ ਦੇ ਵਕੀਲ ਪੁੱਤਰ ਮਹਿਤਾਬ ਸਿੰਘ ਖਹਿਰਾ ਭੁਲੱਥ ਹਲਕੇ ’ਚ ਚੋਣ ਪ੍ਰਚਾਰ ਦੀ ਕਮਾਨ ਸੰਭਾਲੇ ਹੋਏ ਹਨ। ਇਸ ਬਾਰੇ ਮਹਿਤਾਬ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ 18 ਜੁਲਾਈ ਨੂੰ ਹਾਈ ਕੋਰਟ ’ਚ ਸੁਣਵਾਈ ਦੌਰਾਨ ਉਨ੍ਹਾਂ ਦੇ ਪਿਤਾ ਨੂੰ ਜ਼ਮਾਨਤ ਮਿਲ ਜਾਵੇਗੀ ਅਤੇ ਉਹ ਇਲਾਕੇ ਦੀ ਜਨਤਾ ਵਿਚ ਆ ਕੇ ਮਾਮਲੇ ਦੀ ਸੱਚਾਈ ਲੋਕਾਂ ਨੂੰ ਦੱਸਣਗੇ। ਮਹਿਤਾਬ ਨੇ ਦੱਸਿਆ ਕਿ ਖਹਿਰਾ ਸਾਹਿਬ ਦਾ ਇਲਾਕੇ ਦੇ ਲੋਕਾਂ ’ਚ ਬੇਹੱਦ ਸਨਮਾਨ ਹੈ ਅਤੇ ਉਹ ਪਹਿਲਾਂ ਤੋਂ ਵੀ ਜ਼ਿਆਦਾ ਵੋਟਾਂ ਨਾਲ ਜਿੱਤ ਕੇ ਕਾਂਗਰਸ ਹਾਈ ਕਮਾਨ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਨਗੇ।