ਜੇਐੱਨਐੱਨ, ਮੋਗਾ : ਅਦਾਕਾਰ ਸੋਨੂੰ ਸੂਦ ਦੀ ਭੈਣ ਅਤੇ ਮੋਗਾ ਤੋਂ ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਨੇ ਐਤਵਾਰ ਨੂੰ ਲੰਚ ਡਿਪਲੋਮੈਸੀ ਕਰਕੇ ਹਮਾਇਤ ਇਕੱਤਰ ਕਰਨ ਦਾ ਯਤਨ ਕੀਤਾ ਤਾਂ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਨੇ ਰੰਗ ’ਚ ਭੰਗ ਪਾ ਦਿੱਤਾ। ਮਾਲਵਿਕਾ ਨੇ ਡਾ. ਹਰਜੋਤ ਦੀ ਹਮਾਇਤ ਕਰ ਰਹੇ 24 ਕੌਂਸਲਰਾਂ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਗੋਲਡ ਕੋਸਟ ਕਲੱਬ ਚ ਲੰਚ ਕਰਨ ਲਈ ਬੁਲਾਇਆ ਸੀ। ਲੰਚ ਦੌਰਾਨ ਡਾ. ਹਰਜੋਤ ਕਮਲ ਉੱਥੇ ਜਾ ਧਮਕੇ। ਉਨ੍ਹਾਂ ਦੇ ਆਉਣ ਨਾਲ ਹੱਕੇ-ਬੱਕੇ ਕੌਂਸਲਰ ਮੀਡੀਆ ਦੀ ਮੌਜ਼ੂਦਗੀ ’ਚ ਬੋਲਣ ਲੱਗੇ ਕਿ ਉਹ ਕਾਂਗਰਸ ਦੇ ਨਾਲ ਹਨ, ਡਾ. ਹਰਜੋਤ ਦੇ ਨਹੀਂ। ਇਹ ਸੁਣ ਕੇ ਡਾ. ਹਰਜੋਤ ਵੀ ਹੈਰਾਨ ਰਹਿ ਗਏ। ਇਸ ਦੇ ਬਾਅਦ ਉਹ ਆਪਣੀ ਕਾਰ ’ਚ ਬੈਠ ਕੇ ਉੱਥੋਂ ਵਾਪਸ ਚਲੇ ਗਏ।
ਸਭ ਤੋਂ ਪਹਿਲਾਂ ਮੇਅਰ ਨਿਤਿਕਾ ਭੱਲਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਨਾਲ ਹਨ। ਲੰਚ ’ਚ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ, ਡਿਪਟੀ ਮੇਅਰ ਅਸ਼ੋਕ ਧਮੀਜਾ ਵੀ ਮੌਜੂਦ ਸਨ। ਬਾਅਦ ’ਚ ਡਾ. ਹਰਜੋਤ ਕਮਲ ਦੇ ਪਹੁੰਚਣ ਤੋਂ ਬਾਅਦ ਮਾਹੌਲ ਬਦਲ ਗਿਆ। ਮੇਅਰ ਨਿਤਿਕਾ ਨੇ ਉਨ੍ਹਾਂ ਦੀ ਹਾਜ਼ਰੀ ’ਚ ਪਹਿਲਾਂ ਕਿਹਾ ਕਿ ਉਹ ਕਾਂਗਰਸ ਦੀ ਮੇਅਰ ਹੈ। ਹਾਲਾਂਕਿ, ਬਾਅਦ ’ਚ ਵਿਧਾਇਕ ਡਾ. ਹਰਜੋਤ ਕਮਲ ਨਾਲ ਉਨ੍ਹਾਂ ਦੀ ਗੱਡੀ ’ਚ ਸਵਾਰ ਹੋ ਕੇ ਉਨ੍ਹਾ ਦੀ ਰਿਹਾਇਸ਼ ’ਤੇ ਪਹੁੰਚੀ ਅਤੇ ਉਨ੍ਹਾਂ ਨਾਲ ਚਾਹ ਪੀਤੀ।
ਮਾਲਵਿਕਾ ਨੂੰ ਟਿਕਟ ਮਿਲਣ ’ਤੇ ਡਾ. ਹਰਜੋਤ ਨੇ ਜੁਆਇੰਨ ਕਰ ਲਈ ਭਾਜਪਾ
ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਲਗਾਤਾਰ ਮਾਲਵਿਕਾ ਸੂਦ ਨੂੰ ਕਾਂਗਰਸ ਦੀ ਟਿਕਟ ਦੇਣ ਦਾ ਵਿਰੋਧ ਕਰਰ ਹੇ ਸਨ। ਸ਼ਨਿਚਰਵਾਰ ਨੂੰ ਜਾਰੀ ਕਾਂਗਰਸ ਦੀ ਪਹਿਲੀ ਸੂਚੀ ’ਚ ਉਨ੍ਹਾਂ ਦੇ ਵਿਰੋਧ ਨੂੰ ਨਕਾਰਦੇ ਹੋਏ ਪਾਰਟੀ ਨੇ ਮੋਗਾ ਵਿਧਾਨ ਸਭਾ ਹਲਕੇ ਦੀ ਟਿਕਟ ਮਾਲਵਿਕਾ ਸੂਦ ਨੂੰ ਦੇ ਦਿੱਤੀ। ਇਸ ’ਤੇ ਡਾ. ਹਰਜੋਤ ਨੇ ਬਗਾਵਤ ਦਾ ਬਿਗਲ ਵਜਾ ਦਿੱਤਾ ਅਤੇ ਕੁਝ ਘੰਟਿਆਂ ਬਾਅਦ ਹੀ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਉਨ੍ਹਾਂ ਨੂੰ ਮੋਗਾ ਤੋਂ ਟਿਕਟ ਦਿੱਤੇ ਜਾਣ ਦੀ ਉਮੀਦ ਹੈ। ਹਾਲਾਂਕਿ ਭਾਜਪਾ ਨੇ ਅਜੇ ਤਕ ਆਪਣੇ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਨਹੀਂ ਕੀਤੀ।