ਮੂਣਕ,(ਨਰੇਸ ਤਨੇਜਾ)ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਹਲਕਾ ਲਹਿਰਾ ਦੀ ਬਿਲਕੁਲ ਸਾਰ ਨਹੀਂ ਲਈ, ਜਿਸ ਕਾਰਨ ਹਲਕੇ ਦੇ ਲੋਕ ਸਿਹਤ, ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਨੂੰ ਵੀ ਤਰਸ ਗਏ ਹਨ। ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਹੈ। ਅਕਾਲੀ-ਬਸਪਾ ਸਰਕਾਰ ਆਉਣ ‘ਤੇ ਲਹਿਰਾ ਹਲਕੇ ਦੇ ਪੇਂਡੂ ਖੇਤਰ ਵਿਚ ਡਿਸਪੈਂਸਰੀਆਂ ਵਿਚ ਲੋੜੀਂਦਾ ਸਟਾਫ ਤਾਇਨਾਤ ਕਰਕੇ ਲੋਕਾਂ ਨੂੰ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।’ ਇਹ ਦਾਅਵਾ ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਿੰਡ ਚੋਟੀਆਂ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਭਾਈ ਲੌਂਗੋਵਾਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਲਹਿਰਾ ਨੇ ਬੜੇ ਵੱਡੇ-ਵੱਡੇ ਸਿਆਸਤਦਾਨ ਪੈਦਾ ਕੀਤੇ ਹਨ ਪਰ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਸਿਆਸਤਦਾਨ ਨੇ ਇਸ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਬੀਬੀ ਰਜਿੰਦਰ ਕੌਰ ਭੱਠਲ ਨੂੰ ਮੁੱਖ ਮੰਤਰੀ ਅਹੁਦੇ ਤੱਕ ਪਹੁੰਚਾਉਣ ਵਾਲੇ ਲਹਿਰਾ ਦੇ ਲੋਕ ਹੀ ਸਨ ਪਰ ਇਸ ਹਲਕੇ ਦੇ ਪਿੰਡਾਂ ਦੇ ਲੋਕ ਅੱਜ ਤੱਕ ਸਿਹਤ ਸਹੂਲਤਾਂ ਨੂੰ ਤਰਸ ਰਹੇ ਹਨ। ਸਰਕਾਰੀ ਹਸਪਤਾਲਾਂ ਵਿਚ ਜੇਕਰ ਇਮਾਰਤਾਂ ਚੰਗੀਆਂ ਹਨ ਤਾਂ ਸਟਾਫ ਉਪਲਬਧ ਨਹੀਂ ਹੈ ਅਤੇ ਜਿੱਥੇ ਸਟਾਫ ਹੈ, ਉੱਥੇ ਇਮਾਰਤਾਂ ਦਾ ਬੁਰਾ ਹਾਲ ਹੈ। ਇਸੇ ਤਰ੍ਹਾਂ ਪਿੰਡਾਂ ਦੀਆਂ ਡਿਸਪੈਂਸਰੀਆਂ ਵਿਚ ਉੱਲੂ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਬਣਨ ‘ਤੇ ਹਲਕੇ ਦੇ ਹਸਪਤਾਲਾਂ ਵਿਚ ਬਿਹਤਰੀਨ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਪੇਂਡੂ ਡਿਸਪੈਂਸਰੀਆਂ ਵਿਚ ਲੋਕਾਂ ਨੂੰ ਸਹੀ ਇਲਾਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਿਵਾਇ ਲੁੱਟ ਮਾਰ ਕਰਨ ਦੇ, ਜਨਤਾ ਲਈ ਕੁਝ ਨਹੀਂ ਕੀਤਾ, ਜਿਸ ਕਾਰਨ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ ਅਤੇ ਅਕਾਲੀ-ਬਸਪਾ ਸਰਕਾਰ ਨੂੰ ਸੱਤਾ ਵਿਚ ਲਿਆਉਣ ਲਈ ਉਤਾਵਲੇ ਹਨ।
ਇਸ ਮੌਕੇ ਸਰਕਲ ਪ੍ਰਧਾਨ ਰਣਵੀਰ ਚੋਟੀਆਂ, ਜਸਵਿੰਦਰ ਸਿੰਘ, ਦਰਸ਼ਨ ਦਿਓਲ, ਗੇਜ ਸਿੰਘ, ਡਾ. ਹਰਪਾਲ ਸਿੰਘ, ਲਾਲ ਸਿੰਘ, ਨਾਥਾ ਸਿੰਘ, ਜਗਰਾਜ ਸਿੰਘ ਬੈਨੀਵਾਲ, ਰਾਜਾ ਸਿੰਘ, ਹਰਨੇਕ ਫੌਜੀ, ਕਾਲਾ ਚੋਟੀਆਂ, ਜਗਦੀਪ ਗਿਆਨੀ, ਮੱਖਣ ਚੋਟੀਆਂ, ਪਾਲਾ ਮਹੰਤ, ਜੇਲਾ ਸਿੰਘ ਅਤੇ ਸਤਵੀਰ ਸਿੰਘ ਆਦਿ ਵੀ ਹਾਜ਼ਰ ਸਨ।