ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਚਿਹਰੇ ਦਾ ਰਸਮੀ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੋਹਾਲੀ ਪਹੁੰਚੇ ਅਤੇ ਉਨ੍ਹਾਂ ਨੇ ਭਗਵੰਤ ਮਾਨ ਦੇ ਨਾਮ ਦਾ ਐਲਾਨ ਕੀਤਾ। ਇਸ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਅਜੇ ਲਾੜਾ ਹੀ ਮਿਲਿਆ ਹੈ, ਇਸ ਲਈ ਉਨ੍ਹਾਂ ਨੂੰ ਵਧਾਈ ਹੈ ਪਰ ਵਿਆਹ ਕਰਨਾ ਹੈ ਜਾਂ ਨਹੀਂ, ਇਹ ਪੰਜਾਬ ਦੀ ਜਨਤਾ ਤੈਅ ਕਰੇਗੀ। ਅਜੇ ਦਿੱਲੀ ਦੂਰ ਹੈ।
ਇਸ ਦੇ ਨਾਲ ਹੀ ਸਿੱਧੂ ਨੇ ਇਹ ਵੀ ਆਖਿਆ ਹੈ ਕਿ ਸਾਡੀ ਹਾਈਕਮਾਨ ਜਿਹੜਾ ਵੀ ਫ਼ੈਸਲਾ ਲਵੇਗੀ, ਉਹ ਪੰਜਾਬ ਦੇ ਹਿੱਤ ਨੂੰ ਦੇਖਦੇ ਹੋਏ ਹੀ ਲਿਆ ਜਾਵੇਗਾ। ਉਨ੍ਹਾਂ ਨੂੰ ਪੰਜਾਬ ਦੀ ਜਨਤਾ ’ਤੇ ਭਰੋਸੇਾ ਹੈ ਕਿ ਉਹ ਪੰਜਾਬ ਅਤੇ ਪੰਜਾਬ ਮਾਡਲ ਨੂੰ ਹੀ ਵੋਟਾਂ ਪਾਉਣਗੇ।
ਕਾਂਗਰਸ ਨੇ ਵੀਡੀਓ ਜਾਰੀ ਕਰਕੇ ਚੰਨੀ ਨੂੰ ਸੀ. ਐੱਮ. ਐਲਾਨਣ ਦੇ ਦਿੱਤੇ ਸੰਕੇਤ
ਇਥੇ ਇਹ ਦੱਸਣਯੋਗ ਹੈ ਕਿ ਬੇਸ਼ੱਕ ਕਾਂਗਰਸ ਹਾਈਕਮਾਨ ਨੇ ਅਜੇ ਤੱਕ ਪੰਜਾਬ ’ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਅਧਿਕਾਰਕ ਐਲਾਨ ਨਹੀਂ ਕੀਤਾ ਹੈ ਪਰ ਕਾਂਗਰਸ ਦੇ ਅਧਿਕਾਰਕ ਟਵਿੱਟਰ ਹੈਂਡਲ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ’ਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕਹਿ ਰਹੇ ਹਨ ਕਿ ਅਸਲੀ ਮੁੱਖ ਮੰਤਰੀ ਉਹ ਜਾਂ ਅਸਲੀ ਰਾਜਾ ਉਹ ਹੈ, ਜਿਸ ਨੂੰ ਜ਼ਬਰਦਸਤੀ ਕੁਰਸੀ ’ਤੇ ਲੈ ਕੇ ਆਇਆ ਜਾਵੇ। ਉਸ ਨੂੰ ਮੁਸ਼ੱਕਤ ਨਾ ਕਰਨੀ ਪਵੇ ਜਾਂ ਉਸ ਨੂੰ ਦੱਸਣਾ ਨਾ ਪਵੇ ਕਿ ਮੈਂ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਹਾਂ ਜਾਂ ਮੈਂ ਇਸ ਲਾਇਕ ਹਾਂ। ਉਹ ਅਜਿਹਾ ਹੋਣਾ ਚਾਹੀਦਾ ਹੈ, ਜਿਸ ਨੂੰ ਪਿੱਛੋਂ ਚੁੱਕ ਕੇ ਲਿਆਂਦਾ ਜਾਵੇ ਅਤੇ ਕਿਹਾ ਜਾਵੇ ਕਿ ਤੁਸੀਂ ਲਾਇਕ ਹੋ, ਤੁਸੀਂ ਬਣੋ। ਉਹ ਜੋ ਮੁੱਖ ਮੰਤਰੀ ਬਣੇਗਾ, ਉਹ ਦੇਸ਼ ਬਦਲ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਸੋਨੂੰ ਸੂਦ ਦੀ ਇਸ ਗੱਲ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੱਖ-ਵੱਖ ਅੰਦਾਜ਼ ’ਚ ਵੀਡੀਓ ਨਾਲ ਜੋੜਿਆ ਗਿਆ ਹੈ। ਇਸ ’ਚ ਚੰਨੀ ਨੂੰ ਵੱਖ-ਵੱਖ ਹਾਵ-ਭਾਵਾਂ ਨਾਲ ਪ੍ਰਭਾਵਸ਼ਾਲੀ ਅੰਦਾਜ਼ ’ਚ ਵਿਖਾਇਆ ਗਿਆ ਹੈ। ਵੀਡੀਓ ਦੇ ਨਾਲ ਟਵਿੱਟਰ ਹੈਂਡਲ ‘ਤੇ ਇਹ ਵੀ ਲਿਖਿਆ ਗਿਆ ਹੈ ਕਿ ਬੋਲ ਰਿਹਾ ਪੰਜਾਬ, ਹੁਣ ਪੰਜੇ ਦੇ ਨਾਲ ਮਜ਼ਬੂਤ ਕਰਾਂਗੇ ਹਰ ਹੱਥ।