ਮੂਣਕ, 20 ਜਨਵਰੀ(ਨਰੇਸ ਤਨੇਜਾ)
‘ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਸਰਕਾਰ ਬਣਨ ‘ਤੇ ਮਕੌਰੜ ਸਾਹਿਬ ਤੋਂ ਕੜੈਲ ਤੱਕ ਘੱਗਰ ਦਰਿਆ ਦੇ ਦੂਜੇ ਫੇਜ਼ ਦਾ ਕੰਮ ਜਲਦੀ ਮੁਕੰਮਲ ਕਰਵਾਇਆ ਜਾਵੇਗਾ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਲਹਿਰਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਪਿੰਡ ਮਕੌਰੜ ਸਾਹਿਬ ਵਿਖੇ ਆਪਣੀ ਚੋਣ ਮੁਹਿੰਮ ਸਬੰਧੀ ਪਾਰਟੀ ਵਰਕਰ ਮਿਲਣੀ ਦੌਰਾਨ ਕੀਤਾ। ਭਾਈ ਲੌਂਗੋਵਾਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਲਹਿਰਾ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਬਹੁਤ ਜ਼ਰੂਰੀ ਹੈ ਪਰ ਹੁਣ ਤੱਕ ਇੱਥੋਂ ਜਿੱਤਣ ਵਾਲੇ ਕਿਸੇ ਵੀ ਵਿਧਾਇਕ ਨੇ ਇਸ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਘੱਗਰ ਨਦੀ ਦੀ ਮਾਰ ਹੇਠ ਆਉਣ ਵਾਲੀਆਂ ਜ਼ਮੀਨਾਂ ਨੂੰ ਬਚਾਉਣ ਲਈ ਅਕਾਲੀ-ਬਸਪਾ ਸਰਕਾਰ ਆਉਣ ‘ਤੇ ਘੱਗਰ ਦੇ ਦੂਜੇ ਫੇਜ਼ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਉਪਲਬਧ ਕਰਵਾਉਣੀਆਂ ਵੀ ਬਹੁਤ ਜ਼ਰੂਰੀ ਹਨ ਤਾਂ ਜੋ ਲੋਕਾਂ ਨੂੰ ਇਲਾਜ ਕਰਵਾਉਣ ਅਤੇ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਲਈ ਖੱਜਲ-ਖੁਆਰ ਨਾ ਹੋਣਾ ਪਵੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਹਲਕੇ ਦੇ ਲੋਕ ਬਦਲਾਅ ਲਿਆਉਣ ਲਈ ਉਤਾਵਲੇ ਹਨ ਅਤੇ ਪੰਜਾਬ ਵਿਚ ਅਕਾਲੀ-ਬਸਪਾ ਸਰਕਾਰ ਬਣਾਉਣ ਲਈ ਮਨ ਬਣਾ ਚੁੱਕੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸੁਰਿੰਦਰ ਸਾਬਕਾ ਸਰਪੰਚ ਰਾਮਗੜ੍ਹ, ਹਰੀਸ਼ ਕੋਹਲੀ, ਮਲਕੀਤ ਸਿੰਘ ਮਹਾਂਸਿੰਘਵਾਲਾ, ਬਲਕਾਰ ਸਿੰਘ ਮਹਾਂਸਿੰਘਵਾਲਾ, ਰਣਬੀਰ ਸਿੰਘ, ਮਲਕੀਤ ਸਿੰਘ ਮਾਨ, ਸੰਜੀਵ ਕੁਮਾਰ ਭੂਲਣ, ਸੰਦੀਪ ਸਿੰਘ, ਜੀਵਨ ਸਿੰਘ, ਸੰਨੀ ਢਿਮਾਨ, ਅਮਨ, ਗੋਲਡੀ, ਬਲਕਾਰ ਸਿੰਘ, ਹਰਜੀਤ ਸਿੰਘ, ਸੰਦੀਪ ਸਿੰਘ, ਸੀਸਪਾਲ ਸਿੰਘ, ਫਕੀਰ ਖਾਨ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ ਆਦਿ ਵੀ ਹਾਜ਼ਰ ਸਨ।