ਹੁਸ਼ਿਆਰਪੁਰ,ਆਦਮਪੁਰ 20 ਜਨਵਰੀ (ਰਣਜੀਤ ਸਿੰਘ ਬੈਂਸ)-ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਦੇ 25ਵੇਂ ਸਥਾਪਨਾ ਦਿਵਸ ਮੌਕੇ ਮਹਾਨ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ।ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟਿੱਬਾ ਸਾਹਿਬ ਸੇਵਾ ਸਿਮਰਨ ਸਭਾ, ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ.ਹੁਸ਼ਿਆਰਪੁਰ,ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਇਸ ਮਹਾਨ ਗੁਰਮਤਿ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਇਸ ਮੌਕੇ ਉਚੇਚੇ ਤੌਰ ਤੇ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ,ਸ਼੍ਰੀਮਾਨ ਮਹੰਤ ਪ੍ਰਿਤਪਾਲ ਸਿੰਘ ਜੀ ਸੇਵਾਪੰਥੀ ਮਿੱਠਾ ਟਿਵਾਣਾ ਨੇ ਸ਼ਿਰਕਤ ਕੀਤੀ। ਮਹਾਨ ਗੁਰਮਤਿ ਸਮਾਗਮ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ,ਸੰਤ ਬਾਬਾ ਕੁਲਦੀਪ ਸਿੰਘ ਜੀ ਨਾਨਕਸਰ ਠਾਠ ਮਜਾਰੀ,ਭਾਈ ਸੁਰਿੰਦਰਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ,ਭਾਈ ਜਪਨੀਸ਼ ਸਿੰਘ ਸਿਮਰੀਸ਼ ਸਿੰਘ ਭਾਈ ਸੂਰਬੀਰ ਸਿੰਘ,ਬੀਬੀ ਗੁਰਜੀਤ ਕੌਰ ਅਖੰਡ ਕੀਰਤਨੀ ਜਥਾ ਹੁਸ਼ਿਆਰਪੁਰ,ਕਵੀਸ਼ਰ ਭਾਈ ਨਿਸ਼ਾਨ ਸਿੰਘ ਮਾਨਪੁਰੀ ਆਦਿ ਜਥਿਆਂ ਨੇ ਧੁਰ ਕੀ ਬਾਣੀ ਦੇ ਰਸਭਿੰਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।ਇਸ ਮੌਕੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਕਰਦਿਆਂ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਦੇ 25ਵੇਂ ਸਥਾਪਨਾ ਦਿਵਸ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰੂ ਵਾਲੇ ਬਣਨ ਦੀ ਅਪੀਲ ਕਰਦੇ ਹੋਏ ਆਪਣਾ ਦਸਵੰਧ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਖਰਚਣ ਦੀ ਪ੍ਰੇਰਨਾ ਦਿੱਤੀ।ਇਸ ਮੌਕੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਨੇ ਆਪਣੀ ਕਿਰਤ ਕਮਾਈ ਵਿੱਚੋਂ 10 ਬੱਚੀਆਂ ਨੂੰ ਪੜ੍ਹਾਈ ਵਾਸਤੇ 5-5 ਹਜ਼ਾਰ ਰੁਪਏ ਦੀਆਂ ਐੱਫਡੀਆਂ ਵੀ ਸੌਂਪੀਆਂ।ਸਮਾਗਮ ਵਿਚ ਉਚੇਚੇ ਤੌਰ ਤੇ ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਪ੍ਰਧਾਨ ਗੁਰਪ੍ਰੀਤ ਸਿੰਘ ਤੰਬੜ ਦੀ ਅਗਵਾਈ ਵਿੱਚ ਸ਼ਾਮਲ ਹੋਏ ਸੁਸਾਇਟੀ ਮੈਂਬਰਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਸ਼ਨ ਸਿੰਘ ਪਲਾਹਾ ਪ੍ਰਧਾਨ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਸਮਾਗਮ ਦੌਰਾਨ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵੱਲੋਂ ਭੇਜੇ ਭਾਈ ਦਲਜੀਤ ਸਿੰਘ ਕਾਕੂ ਅਤੇ ਹੋਰ ਸ਼ਖ਼ਸੀਅਤਾਂ ਦੇ ਨਾਲ ਨਾਲ ਪਿਛਲੇ 25 ਸਾਲਾਂ ਵਿੱਚ ਯਾਦਗਾਰੀ ਸੇਵਾ ਨਿਭਾਉਣ ਵਾਲੇ ਸਦੀਵੀ ਵਿਛੋੜਾ ਦੇ ਗਈਆਂ ਸਖਸ਼ੀਅਤਾਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੇ ਚਾਹ ਪਕੌੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਚ ਸੰਚਾਲਨ ਗੁਰਬਿੰਦਰ ਸਿੰਘ ਪਲਾਹਾ ਨੇ ਕਰਦਿਆਂ ਸਾਰੀਆਂ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।