ਮੂਣਕ, 22 ਜਨਵਰੀ (ਨਰੇਸ ਤਨੇਜਾ)
ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਹੱਕ ‘ਚ ਉਨ੍ਹਾਂ ਦੇ ਸਪੁੱਤਰ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਅੱਜ ਪਿੰਡ ਬੱਲਰਾਂ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਭਾਜਪਾ ਨਾਲ ਗਠਜੋੜ ਕਰਕੇ ਪੰਜਾਬ ਚੋਣਾਂ ਲੜਣ ਜਾ ਰਹੇ ਸੰਯੁਕਤ ਅਕਾਲੀ ਦਲ ‘ਤੇ ਵਰ੍ਹਦਿਆਂ ਆਖਿਆ ਕਿ ਭਾਜਪਾ ਕਿਸਾਨੀ ਮੋਰਚੇ ਦੌਰਾਨ ਅੱਠ ਸੌ ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦੀ ਕਾਤਲ ਜਮਾਤ ਹੈ ਅਤੇ ਇਸ ਨਾਲ ਗਠਜੋੜ ਕਰਕੇ ਸੰਯੁਕਤ ਅਕਾਲੀ ਦਲ ਨੇ ਕਿਸਾਨਾਂ ਨਾਲ ਗੱਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਸਰਕਾਰ ਨੇ ਹਲਕਾ ਲਹਿਰਾ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਹਲਕੇ ਨੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਪੰਜ ਵਾਰ ਜਿਤਾ ਕੇ ਵਿਧਾਨ ਸਭਾ ਵਿਚ ਭੇਜਿਆ ਅਤੇ ਮੁੱਖ ਮੰਤਰੀ ਤੱਕ ਬਣਾਇਆ ਪਰ ਇਸ ਦੇ ਬਾਵਜੂਦ ਇਸ ਹਲਕੇ ਦੀ ਉਨ੍ਹਾਂ ਕਦੇ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਲਹਿਰਾ ਹਲਕੇ ਦੇ ਲੋਕ ਸਿਹਤ, ਸਿੱਖਿਆ ਤੇ ਰੁਜ਼ਗਾਰ ਨੂੰ ਤਰਸ ਰਹੇ ਹਨ। ਕਾਕਾ ਨਵਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ-ਬਸਪਾ ਸਰਕਾਰ ਬਣਨ ‘ਤੇ ਲਹਿਰਾ ਹਲਕੇ ਵਿਚ ਚੰਗੀ ਸਿਹਤ, ਸਿੱਖਿਆ ਤੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ ਉਮੀਦਵਾਰ ਭਾਈ ਗੋਬਿੰਦ ਸਿੰਘ ਲੌੰਗੋਵਾਲ ਨੂੰ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਣ ਤਾਂ ਜੋ ਇਸ ਪੱਛੜੇ ਤੇ ਅਣਗੌਲੇ ਹਲਕੇ ਦੇ ਲੋਕਾਂ ਦੀ ਆਵਾਜ਼ ਸਰਕਾਰ ਵਿਚ ਰੱਖ ਕੇ ਇੱਥੋਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਪੂਰ ਸਿੰਘ ਸਾਬਕਾ ਸਰਪੰਚ, ਕੈਪਟਨ ਤਰਸੇਮ ਸਿੰਘ, ਇੰਸਪੈਕਟਰ ਸਰਦਾਰਾ ਸਿੰਘ ਰਾਜੀਆ, ਕਾਲਾ ਸਿੰਘ ਬੱਲਰਾ, ਸੇਵਾ ਸਿੰਘ ਬੱਲਰਾ, ਖੁਸ਼ਪ੍ਰੀਤ ਸਿੰਘ, ਨਵਦੀਪ ਸਿੰਘ, ਨਰਿੰਦਰ ਸਿੰਘ, ਸੇਵਾ ਸਿੰਘ, ਜੋਗਿੰਦਰ ਸਿੰਘ ਫੌਜੀ, ਲਾਭ ਸਿੰਘ ਫੌਜੀ, ਹਰੀ ਸਿੰਘ, ਗੁਰਪਿਆਰ ਸਿੰਘ ਫੌਜੀ ਅਤੇ ਬਲਵੰਤ ਸਿੰਘ ਆਦਿ ਵੀ ਹਾਜ਼ਰ ਸਨ।