ਬਰਸਾਤ ਨੇ ਕੀਤਾ ਬਲਦੀ ‘ਤੇ ਤੇਲ ਪਾਉਣ ਦਾ ਕੰਮ
ਫਗਵਾੜਾ ਜਨਵਰੀ ( ਰੀਤ ਪ੍ਰੀਤ ਪਾਲ ਸਿੰਘ ) ਪਿਛਲੇ ਕੁਝ ਦਿਨਾਂ ਤੋਂ ਫਗਵਾੜਾ ਅਤੇ ਨੇੜਲੇ ਇਲਾਕਿਆਂ ‘ਚ ਚਲ ਰਹੀ ਹੱਡ ਚੀਰਵੀਂ ਠੰਡ ਅਤੇ ਸ਼ੀਤ ਲਹਿਰ ਨਾਲ ਪਰੇਸ਼ਾਨ ਲੋਕਾਂ ਦਾ ਦਿਨ ਅੱਗ ਸੇਕਦਿਆਂ ਹੀ ਲੰਘ ਰਿਹਾ ਹੈ। ਸ਼ੁੱਕਰਵਾਰ ਨੂੰ ਕਈ ਦਿਨਾਂ ਬਾਅਦ ਬੇਸ਼ਕ ਸੂਰਜ ਦੇ ਕੁਝ ਸਮੇਂ ਲਈ ਦਰਸ਼ਨ ਹੋਏ ਪਰ ਅੱਜ ਫਿਰ ਦਿਨ ਭਰ ਜਾਰੀ ਰਹੀ ਬੂੰਦਾ-ਬਾਂਦੀ ਨੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ। ਇਲਾਕਾ ਨਿਵਾਸੀ ਕੁਲਵੰਤ ਸਿੰਘ ਹਰਬੰਸ ਸਿੰਘ, ਰਣਜੀਤ ਸਿੰਘ ਖਾਲਸਾ, ਅਮਰੀਕ ਸਿੰਘ, ਸਤਨਾਮ ਸਿੰਘ, ਸੰਤੋਖ ਸਿੰਘ ਲੱਖਪੁਰ, ਸਰਬਜੀਤ ਸਿੰਘ, ਬਲਵੀਰ ਬਿੱਟੂ ਖਲਵਾੜਾ, ਜੀਤ ਰਾਮ ਖਲਵਾੜਾ ਅਤੇ ਹੋਰਨਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਘੱਟ ਠੰਡ ਪੈਣ ਕਰਕੇ ਅੱਗ ਸੇਕਣ ਦਾ ਚਲਨ ਬੰਦ ਜਿਹਾ ਹੋ ਗਿਆ ਸੀ ਪਰ ਇਸ ਸਾਲ ਬੇਸ਼ਕ ਠੰਡ ਥੋੜੀ ਦੇਰ ਨਾਲ ਆਈ ਹੈ ਲੇਕਿਨ ਕੁਝ ਹੀ ਦਿਨਾਂ ਵਿਚ ਲੋਕ ਪਰੇਸ਼ਾਨ ਹੋ ਗਏ ਹਨ ਅਤੇ ਖਿੜਵੀਂ ਧੁੱਪ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਨਟਰਨੈਟ ਦਾ ਯੁਗ ਹੋਣ ਕਰਕੇ ਦਿਨ ਚੜ੍ਹਦਿਆਂ ਹੀ ਸਭ ਤੋਂ ਪਹਿਲਾਂ ਨਿਗਾਹ ਮੋਬਾਇਲ ਰਾਹੀਂ ਮੋਸਮ ਦੀ ਐਪ ਵੱਲ ਜਾਂਦੀ ਹੈ ਪਰ ਜਦੋਂ ਅਗਲੇ ਕੁਝ ਦਿਨ ਠੰਡ ਜਾਰੀ ਰਹਿਣ ਦੀ ਜਾਣਕਾਰੀ ਮਿਲਦੀ ਹੈ ਤਾਂ ਚਿਹਰੇ ਮੁਰਝਾ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਇਸ ਠੰਡ ਨਾਲ ਬੱਚਿਆਂ ਅਤੇ ਬਜੁਰਗਾਂ ਨੂੰ ਖੰਗ, ਰੇਸ਼ਾ ਤੇ ਵਾਇਰਲ ਬੁਖਾਰ ਵਰਗੀਆਂ ਮੌਸਮੀ ਬਿਮਾਰੀਆਂ ਝੱਲਣੀਆਂ ਪੈ ਰਹੀਆਂ ਹਨ।
ਤਸਵੀਰ 003, ਕੈਪਸ਼ਨ- ਫਗਵਾੜਾ ਦੇ ਨੇੜਲੇ ਪਿੰਡ ਭੁੱਲਾਰਾਈ ਵਿਖੇ ਠੰਡ ਤੋਂ ਬਚਾਅ ਲਈ ਅੱਗ ਸੇਕਦੇ ਹੋਏ ਆਮ ਨਾਗਰਿਕ।