ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਟਕਸਾਲੀ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਤਲਵੰਡੀ ਸਾਬੋ ਦੇ ਉੱਪ ਚੇਅਰਮੈਨ ਬਚਿੱਤਰ ਸਿੰਘ ਨੇ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਅੱਜ ਵਾਰਡ ਨੰ:4 ਵਿਚ ਪੈਂਦੇ ਆਪਣੇ ਘਰ ਇੱਕ ਸਾਦੇ ਸਮਾਗਮ ਦੌਰਾਨ ਉੱਪ ਚੇਅਰਮੈਨ ਬਚਿੱਤਰ ਸਿੰਘ ਨੇ ਆਪਣੇ ਪੁੱਤਰ ਪ੍ਰਕਾਸ਼ ਸਿੰਘ ਬਿੱਟੂ, ਸਮੁੱਚੇ ਪਰਿਵਾਰ ਅਤੇ ਸਮਰਥਕਾਂ ਸਮੇਤ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਹਾਜਰ ਅਕਾਲੀ ਬਸਪਾ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ, ਸਾਬਕਾ ਵਿਧਾਇਕ ਨੇ ਉਨ੍ਹਾਂ ਨੂੰ ਸਿਰੋਪੇ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਦਿਆਂ ਪਾਰਟੀ ਅੰਦਰ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਇਸ ਮੌਕੇ ਹਾਜ਼ਰੀਨ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਪਿਛਲੇ ਪੰਜ ਸਾਲਾਂ ਕਾਂਗਰਸੀ ਸਰਕਾਰ ਅਤੇ ਹਲਕੇ ਦੀ ‘ਆਪ’ ਵਿਧਾਇਕਾ ਦਾ ਕੰਮਕਾਜ ਦੇਖ ਲਿਆ ਹੈ ਅਤੇ ਉਹ ਭਲੀਭਾਂਤ ਜਾਣ ਚੁੱਕੇ ਹਨ ਕਿ ਦੋਵੇਂ ਆਗੂ ਸਿਵਾਏ ਆਪਣੀਆਂ ਜੇਬਾਂ ਭਰਨ ਤੋਂ ਹਲਕੇ ਦਾ ਕੱਖ ਵੀ ਸੰਵਾਰ ਨਹੀ ਸਕੇ।
ਉਨ੍ਹਾਂ ਇਸ ਮੌਕੇ ਲੋਕਾਂ ਨੂੰ ਯਕੀਨ ਦਵਾਇਆ ਕਿ ਅਕਾਲੀ ਬਸਪਾ ਸਰਕਾਰ ਬਣਦਿਆਂ ਹੀ ਪਹਿਲੇ ਹਫਤੇ ‘ਚਿੱਟੇ’ ਦੀ ਹਲਕੇ ਅੰਦਰ ਸਪਲਾਈ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਭੇਜਾਂਗੇ। ਉੱਧਰ ਉੱਪ ਚੇਅਰਮੈਨ ਬਚਿੱਤਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਦੇ ਮੌਜੂਦਾ ਆਗੂ ਹੁਣ ਟਕਸਾਲੀ ਵਰਕਰਾਂ ਦੀ ਕਦਰ ਨਹੀਂ ਕਰਦੇ ਜਿਸ ਕਾਰਨ ਟਕਸਾਲੀ ਵਰਕਰ ਹਲਕੇ ਦੇ ਬੇਦਾਗ ਆਗੂ ਜੀਤਮਹਿੰਦਰ ਸਿੱਧੂ ਦੇ ਹੱਕ ਵਿੱਚ ਨਿੱਤਰ ਰਹੇ ਹਨ।
ਇਸ ਮੌਕੇ ਸੇਵਾਮੁਕਤ ਕੈਪਟਨ ਕ੍ਰਿਪਾਲ ਸਿੰਘ ਨੇ ਜੀਤਮਹਿੰਦਰ ਸਿੰਘ ਸਿੱਧੂ ਨੂੰ ਲੱਡੂਆਂ ਨਾਲ ਵੀ ਤੋਲਿਆ। ਅਕਾਲੀ ਦਲ ਚ ਸ਼ਾਮਲ ਹੋਣ ਵਾਲੇ ਹੋਰ ਮੋਹਤਬਰਾਂ ਵਿੱਚ ਰਿਟਾ.ਕੈਪਟਨ ਕ੍ਰਿਪਾਲ ਸਿੰਘ ਸਿੱਧੂ ,ਰਿਟਾ.ਕੈਪਟਨ ਜਗਮੇਲ ਸਿੰਘ ਧਾਰੀਵਾਲ, ਰਿਟਾ. ਸੂਬੇਦਾਰ ਜਗਸੀਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਮਾਸਟਰ ਲਾਲ ਸਿੰਘ ਸਿੱਧੂ, ਨਾਜਰ ਸਿੰਘ ਚੌਹਾਨ, ਕਾਲਾ ਸਿੰਘ ਮਾਨ, ਹਰਵਿੰਦਰ ਸਿੰਘ ਕੈਂਥ, ਮਾਸਟਰ ਵਿੱਕੀ ਸਿੰਘ, ਮਾਸਟਰ ਗੋਗੀ ਸਿੰਘ ਆਦਿ ਦੇ ਨਾਂ ਸ਼ਾਮਲ ਹਨ ਜਦੋਂਕਿ ਇਸ ਮੌਕੇ ਅਕਾਲੀ ਦਲ ਅਤੇ ਬਸਪਾ ਦੇ ਆਗੂ ਵੀ ਮੌਜੂਦ ਸਨ।