ਕਲਾਨੌਰ : ਦੇਸ਼ ਵਾਸੀਆਂ ਨੂੰ ਬੇਸ਼ੁਮਾਰ ਕੁਰਬਾਨੀਆਂ ਦੇਣ ਤੋਂ ਬਾਅਦ ਮਿਲੀ ਆਜ਼ਾਦੀ ਉਪਰੰਤ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਸੀ ਜਦ ਕਿ ਅੰਗਰੇਜ਼ਾਂ ਦੇ ਰਾਜ ਦੌਰਾਨ ਵੋਟ ਪਾਉਣ ਦਾ ਅਧਿਕਾਰ ਜ਼ੈਲਦਾਰਾਂ ਅਤੇ ਜਗੀਰਦਾਰਾਂ ਤੋਂ ਇਲਾਵਾ ਜਾਣੇ-ਪਹਿਚਾਣੇ ਲੋਕਾਂ ਕੋਲ ਹੀ ਸੀ। ਉਕਤ ਸ਼ਬਦਾਂ ਦਾ ਪ੍ਰਗਟਾਵਾ 100 ਸਾਲ ਦੀ ਉਮਰ ’ਚ ਪੈਰ ਧਰ ਰਹੇ ਬਜ਼ੁਰਗ ਸਤਪਾਲ ਮਹਾਜਨ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਕੀਤਾ।
ਮਹਾਜਨ ਨੇ ਦੱਸਿਆ ਕਿ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ ਉਹ ਆਪਣੇ ਬਚਪਨ ’ਚ ਗਲੀਆਂ ਵਿੱਚ ਮੁੰਡੇ-ਕੁਡ਼ੀਆਂ ਵੱਲੋਂ ਭਗਤ ਸਿੰਘ ਦਾ ਗੀਤ ’ਭੈਣੇ ਨ੍ਹੀਂ ਝੂਟੇ ਮੈਂ ਫਾਂਸੀ ਦੇ ਲੈਣੇ ਨ੍ਹੀਂ’, ਕਈ ਵਾਰ ਸੁਣਿਆ ਅਤੇ ਸਾਡੇ ਵੱਡਿਆਂ ਨੇ ਕਹਿਣਾ ਕਿ ਇਹ ਗੀਤ ਨਾ ਗਾਇਓ, ਪੁਲਿਸ ਫਡ਼ ਕੇ ਲੈ ਜਾਊਗੀ, ਅੰਗਰੇਜ਼ਾਂ ਦੇ ਰਾਜ ਵਿਚ ਵੋਟ ਦਾ ਹੱਕ ਤਾਂ ਬਡ਼ੀ ਦੂਰ ਦੀ ਗੱਲ ਸੀ। ਲਾਲ ਟੋਪੀ ਵਾਲੇ ਸਿਪਾਹੀ ਨੂੰ ਦੇਖ ਕੇ ਹੀ ਲੋਕ ਕੰਬ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜਨਮ ਪਿਤਾ ਕਾਲੂ ਰਾਮ ਮਹਾਜਨ, ਮਾਤਾ ਇੰਦਰਾ ਰਾਣੀ ਦੀ ਕੁੱਖੋਂ 1920 ਦੇ ਕਰੀਬ ਪਿੰਡ ਜੌਨੀਪੁਰ ਪੰਨਵਾਂ ਤਹਿਸੀਲ ਸ਼ਕਰਗਡ਼੍ਹ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਥਾਣਾ ਨੈਣੇਕੋਟ ਵਿਖੇ ਹੋਇਆ। ਉਸ ਵੱਲੋਂ 13 ਅਪ੍ਰੈਲ 2013 ਵਿੱਚ ਬਣਾਏ ਗਏ ਆਧਾਰ ਕਾਰਡ ਵਿੱਚ ਉਸ ਦੀ ਉਮਰ ਉਸ ਵੇਲੇ 88 ਸਾਲ ਦਰਸਾਈ ਹੈ। ਉਹ ਤਿੰਨ ਭੈਣਾਂ ਤੇ ਚਾਰ ਭਰਾਵਾਂ ਤੋਂ ਵੱਡਾ ਸੀ। ਉਸ ਨੇ ਸੱਤਵੀਂ ਜਮਾਤ ਤਕ ਦੀ ਪਡ਼੍ਹਾਈ ਪਿੰਡ ਬਾਰਾਂਮੰਗਾ ਦੇ ਅਨੰਤ ਰਾਮ ਪ੍ਰਾਈਵੇਟ ਸਕੂਲ ਜੋ ਇਸ ਵੇਲੇ ਪਾਕਿਸਤਾਨ ਵਿੱਚ ਹੈ, ਮਾਸਟਰ ਅਮਰਨਾਥ ਮਹਾਜਨ ਰਾਮ ਰੱਖਾ ਤੋਂ ਪ੍ਰਾਪਤ ਕੀਤੀ। ਉਸ ਦੇ ਪਿਤਾ ਦੀ ਪਿੰਡ ਜੋਨੀਪੁਰ ਪੰਨਵਾਂ ਵਿੱਚ ਕਰਿਆਨੇ ਦੀ ਦੁਕਾਨ ਸੀ ਜਿਸ ਤੋਂ ਅੱਧੀ ਦਰਜਨ ਪਿੰਡਾਂ ਦੇ ਲੋਕ ਸਾਮਾਨ ਖ਼ਰੀਦਦੇ ਸਨ। 1936 ਵਿੱਚ ਉਸ ਦੀ ਮਾਂ ਇੰਦਰਾ ਰਾਣੀ ਦੀ ਮੌਤ ਤੋਂ ਦੋ ਸਾਲ ਉਸ ਦਾ ਵਿਆਹ ਸੁਹਾਗਵੰਤੀ ਵਾਸੀ ਜ਼ਫ਼ਰਵਾਲ ਨਾਲ ਹੋਇਆ। ਉਸ ਦੇ ਵੱਡੇ ਪੁੱਤਰ ਦਾ ਜਨਮ 1945 ਵਿੱਚ ਹੋਇਆ।
ਸੱਤਪਾਲ ਨੇ ਦੱਸਿਆ ਕਿ ਭਾਰਤ-ਪਾਕਿ ਦੀ ਵੰਡ ਦੌਰਾਨ 23 ਅਗਸਤ 1947 ਨੂੰ ਰਾਵੀ ਦਰਿਆ ਪਾਰ ਕਰਕੇ ਭਾਰਤ ਵਾਲੇ ਪਾਸੇ ਪਿੰਡ ਪਕੀਵਾਂ ਪੁੱਜੇ। ਉੁਪਰੰਤ ਕਲਾਨੌਰ ਵਿਖੇ ਰੈਣ ਬਸੇਰਾ ਕੀਤਾ। 1952 ਵਿੱਚ ਪਹਿਲੀ ਵਾਰ ਵੋਟ ਪਾਉਣ ਦਾ ਅਧਿਕਾਰ ਮਿਲਿਆ। ਉਨ੍ਹਾਂ ਨੇ ਪਹਿਲੀ ਵਾਰ ਵੋਟ ਪਾਉਣ ਦਾ ਅਧਿਕਾਰ ਲੈਣ ਲਈ ਚਾਰ ਆਨੇ ਦੀ ਫੀਸ ਜਮ੍ਹਾਂ ਕਰਵਾ ਕੇ ਵੋਟ ਬਣਵਾਈ ਸੀ। ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਵਾਉਣ ਲਈ ਲੱਖਾਂ ਸ਼ਹੀਦੀਆਂ ਦੇਣ ਉਪਰੰਤ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਸੀ। ਪਹਿਲੀ ਵਾਰ ਵੋਟ ਕਲਾਨੌਰ ਵਿੱਚ ਸਥਾਪਤ ਕੀਤੇ ਗਏ ਪੋਲਿੰਗ ਬੂਥ ’ਤੇ ਪਾਈ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵੋਟ ਦੇ ਅਧਿਕਾਰ ਦਾ ਇਸਤੇਮਾਲ ਸੂਝ-ਬੂਝ ਨਾਲ ਕਰਨਾ ਚਾਹੀਦਾ ਹੈ।
ਬਾਪੂ ਸਤਪਾਲ ਮਹਾਜਨ ਨੇ ਕਿਹਾ ਕਿ ਬੋਰਡ ਦੇ ਅਧਿਕਾਰ ਨਾਲ ਦੇਸ਼ ਦਾ ਭਵਿੱਖ ਸੁਧਾਰਿਆ ਜਾ ਸਕਦਾ ਹੈ ਅਤੇ ਚੰਗੇ ਕੰਮ ਕਰਨ ਵਾਲੇ ਨੇਤਾਵਾਂ ਨੂੰ ਅੱਗੇ ਲਿਆ ਕੇ ਦੇਸ਼ ਦਾ ਵਿਕਾਸ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਹਰੇਕ ਵੋਟਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦਾ ਇਸਤੇਮਾਲ ਕਰਨ ਅਤੇ ਸੂਝ-ਬੂਝ ਤੋਂ ਕੰਮ ਲੈ ਕੇ ਦੇਸ਼ ਦਾ ਭਵਿੱਖ ਸੁਧਾਰਨ ਵਾਲਿਆਂ ਨੂੰ ਹੀ ਵੋਟ ਪਾਉਣ ਤਾਂ ਜੋ ਦੇਸ਼ ਦੀ ਮਜ਼ਬੂਤੀ ਹੋ ਸਕੇ।