ਮੂਣਕ, 24 ਜਨਵਰੀ (ਨਰੇਸ ਤਨੇਜਾ)
‘ਪੰਜਾਬ ਵਿਚ ਅਕਾਲੀ-ਬਸਪਾ ਸਰਕਾਰ ਆਉਣ ‘ਤੇ ਨੌਜਵਾਨ ਵਰਗ ਦੀ ਭਲਾਈ ਲਈ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾਣਗੀਆਂ। ਇਕ ਲੱਖ ਸਰਕਾਰੀ ਨੌਕਰੀਆਂ ਅਤੇ ਦਸ ਲੱਖ ਨਿੱਜੀ ਖੇਤਰ ਦੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ। ਨਿੱਜੀ ਖੇਤਰ ਦੇ ਉਦਯੋਗਾਂ ਵਿਚ 75 ਫੀਸਦੀ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਲਈ ਰਾਖਵੀਆਂ ਕਰਨ ਲਈ ਵਿਸ਼ੇਸ਼ ਐਕਟ ਬਣਾਇਆ ਜਾਵੇਗਾ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇੱਥੋਂ ਨੇੜਲੇ ਪਿੰਡ ਕੜੈਲ ਵਿਚ ਐਸ.ਓ.ਆਈ. ਦੇ ਸੂਬਾ ਪ੍ਰਧਾਨ ਅਰਸ਼ਦੀਪ ਸਿੰਘ ਭਾਗਸਰ ਦੀ ਅਗਵਾਈ ਵਿਚ ਅਹੁਦੇਦਾਰਾਂ ਅਤੇ ਵਰਕਰਾਂ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਭਾਈ ਲੌਂਗੋਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕੁਸ਼ਾਸਨ ਤੋਂ ਲੋਕ ਤੰਗ ਆ ਚੁੱਕੇ ਹਨ। ਕਾਂਗਰਸ ਦੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੱਕ ਉੱਤੇ ਨਜਾਇਜ਼ ਮਾਈਨਿੰਗ ਅਤੇ ਮਾਫੀਆ ਵਿਚ ਲਿਪਤ ਹੋਣ ਦੇ ਸੰਗੀਨ ਦੋਸ਼ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਕੋਲ ਸੱਤਾ ਦੇ ਸੁਪਨੇ ਵੇਖਣ ਤੋਂ ਬਗੈਰ ਪੰਜਾਬ ਦਾ ਕੋਈ ਏਜੰਡਾ ਨਹੀਂ ਹੈ। ਸੰਯੁਕਤ ਅਕਾਲੀ ਦਲ ਨੇ ਭਾਜਪਾ ਨਾਲ ਸਾਂਝ ਪਾ ਕੇ ਪੰਜਾਬ ਵਿਰੋਧੀ ਸੋਚ ਦਾ ਪ੍ਰਗਟਾਵਾ ਕਰ ਦਿੱਤਾ ਹੈ, ਜਿਸ ਕਾਰਨ ਹੁਣ ਪੰਜਾਬ ਦੇ ਲੋਕ ਇਨ੍ਹਾਂ ਦੇ ਚੁੰਗਲ ਵਿਚ ਨਹੀਂ ਫਸਣਗੇ। ਅਕਾਲੀ-ਬਸਪਾ ਗਠਜੋੜ ਸਰਕਾਰ ਲਿਆਉਣ ਵਿਚ ਹੀ ਪੰਜਾਬ ਦਾ ਭਲਾ ਹੋਵੇਗਾ। ਇਸ ਮੌਕੇ ਭਾਈ ਲੌਂਗੋਵਾਲ ਨੇ ਕਿਹਾ ਕਿ ਅਕਾਲੀ-ਬਸਪਾ ਸਰਕਾਰ ਆਉਣ ‘ਤੇ ਵਿਧਾਨ ਸਭਾ ਹਲਕਾ ਲਹਿਰਾ ਵਿਚ ਵਿਕਾਸ ਦੇ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ ਅਤੇ ਇਸ ਹਲਕੇ ਨੂੰ ਪੰਜਾਬ ਦਾ ਮਾਡਲ ਹਲਕਾ ਬਣਾਇਆ ਜਾਵੇਗਾ। ਪੀਣ ਵਾਲੇ ਪਾਣੀ, ਸੜਕਾਂ, ਸਿਹਤ ਸੇਵਾਵਾਂ ਅਤੇ ਸਿੱਖਿਆ ਸਹੂਲਤਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਐਸ.ਓ.ਆਈ ਦੇ ਪੰਜਾਬ ਪ੍ਰਧਾਨ ਅਰਸ਼ਦੀਪ ਸਿੰਘ ਭਾਗਸਰ ਨੇ ਕਿਹਾ ਕਿ ਇਸ ਵਾਰ ਪੰਜਾਬ ਵਿਚ ਅਕਾਲੀ-ਬਸਪਾ ਸਰਕਾਰ ਬਣਾਉਣ ਵਿਚ ਨੌਜਵਾਨ ਵਰਗ ਦਾ ਯੋਗਦਾਨ ਮਿਸਾਲੀ ਹੋਵੇਗਾ ਅਤੇ ਅਕਾਲੀ ਸਰਕਾਰ ਬਣਨ ‘ਤੇ ਨੌਜਵਾਨਾਂ ਦੇ ਮਸਲਿਆਂ ਨੂੰ ਫੌਰੀ ਤੌਰ ‘ਤੇ ਹੱਲ ਕੀਤਾ ਜਾਵੇਗਾ। ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਨੌਜਵਾਨਾਂ ਦੀ ਪਹਿਲੀ ਪਸੰਦ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਚੋਣ ਮੁਹਿੰਮ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਦੀ ਲਾਈ ਗਈ ਜ਼ਿੰਮੇਵਾਰੀ ਤਹਿਤ ਉਹ ਅੱਜ ਲਹਿਰਾ ਹਲਕੇ ਵਿਚ ਪਹੁੰਚੇ ਹਨ। ਉਨ੍ਹਾਂ ਐਸ.ਓ.ਆਈ. ਦੇ ਵਰਕਰਾਂ ਨੂੰ ਅਕਾਲੀ-ਬਸਪਾ ਸਰਕਾਰ ਬਣਾਉਣ ਲਈ ਦਿਨ-ਰਾਤ ਇਕ ਕਰ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ, ਸਿਮਰਪ੍ਰਤਾਪ ਸਿੰਘ ਬਰਨਾਲਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਨਿਰਮਲ ਸਿੰਘ ਕੜੈਲ ਸਾਬਕਾ ਚੇਅਰਮੈਨ, ਜਸਪਾਲ ਸਿੰਘ ਦੇਹਲਾਂ ਸਾਬਕਾ ਚੇਅਰਮੈਨ, ਸੁਰੇਸ਼ ਸਰਪੰਚ ਬਨਾਰਸੀ, ਮਲਕੀਤ ਸਿੰਘ ਮਾਨ ਮਹਾਂਸਿੰਘ ਵਾਲਾ ਸਰਕਲ ਪ੍ਰਧਾਨ ਐਸ.ਸੀ. ਵਿੰਗ, ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸੰਗਰੋਲੀ, ਰਾਮ ਦਾਸ ਭੁੱਕਲ ਹਲਕਾ ਇੰਚਾਰਜ ਬਸਪਾ, ਜਗਸੀਰ ਸਿੰਘ ਸਾਬਕਾ ਚੇਅਰਮੈਨ ਅਤੇ ਦਰਸ਼ਨ ਸਿੰਘ ਲੌਂਗੋਵਾਲ ਆਦਿ ਵੀ ਹਾਜ਼ਰ ਸਨ।