ਆਨਲਾਈਨ ਵੀ ਦਾਖਲ ਹੋ ਸਕਣਗੇ ਨਾਮਜ਼ਦਗੀ ਪੱਤਰ
ਕਪੂਰਥਲਾ,ਫਗਵਾੜਾ ,ਜਨਵਰੀ-(ਰੀਤ ਪ੍ਰੀਤ ਪਾਲ ਸਿੰਘ )
ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਕੱਲ 25 ਜਨਵਰੀ ਤੋਂ ਸ਼ੁਰੂ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਸੁਲਤਾਨਪੁਰ ਲੋਧੀ, ਭੁਲੱਥ, ਫਗਵਾੜਾ ਤੇ ਕਪੂਰਥਲਾ ਵਿਖੇ ਨਾਮਜ਼ਦਗੀ ਪ੍ਰਕਿਰਿਆ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਨਾਮਜਦਗੀ ਪੱਤਰ ਭਰਨ ਦੀ ਆਖਰੀ ਮਿਤੀ 1 ਫਰਵਰੀ ਹੈ, ਜਦਕਿ 2 ਫਰਵਰੀ ਨੂੰ ਨਾਮਜਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 4 ਫਰਵਰੀ ਤੱਕ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਣਗੇ।
ਕਪੂਰਥਲਾ ਦੇ ਚਾਰਾਂ ਹਲਕਿਆਂ ਵਿਚ ਨਾਮਜਦਗੀ ਪੱਤਰ ਸਵੇਰੇ 11 ਵਜੇ ਤੋਂ 3 ਵਜੇਂ ਤੱਕ ਸਬੰਧਿਤ ਰਿਟਰਨਿੰਗ ਅਫਸਰ ਕਮ ਐਸ ਡੀ ਐਮ ਕੋਲ ਜਮਾਂ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਵੋਟਾਂ 20 ਫਰਵਰੀ ਨੂੰ ਪੈਣਗੀਆਂ ਜਦਕਿ ਗਿਣਤੀ 10 ਮਾਰਚ ਨੂੰ ਹੋਵੇਗੀ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਚੋਣ ਲੜਨ ਦਾ ਇੱਛੁਕ ਉਮੀਦਵਾਰ ਸੂਬੇ ਦੇ ਕਿਸੇ ਇੱਕ ਹਲਕੇ ਦਾ ਰਜਿਸਟਰਡ ਵੋਟਰਾ ਹੋਣਾ ਚਾਹੀਦਾ ਹੈ ਅਤੇ ਨਾਮਜਦਗੀ ਦਾਖਲ ਕਰਨ ਵਾਲੇ ਉਮੀਦਵਾਰ ਵਲੋਂ ਰਿਟਰਨਿੰਗ ਅਫਸਰ ਨੂੰ ਵੋਟਰ ਸੂਚੀ ਵਿਚ ਦਰਜ ਆਪਣੇ ਨਾਮ ਵਾਲੇ ਪੰਨੇ ਦੀ ਤਸਦੀਕਸ਼ੁਦਾ ਕਾਪੀ ਪੇਸ਼ ਕਰਨੀ ਹੋਵੇਗੀ।
ਉਨ੍ਹਾਂ ਦੱਸਿਆ ਕਿ 26 ਜਨਵਰੀ ਅਤੇ 30 ਜਨਵਰੀ 2022 ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਅਧੀਨ ਛੁੱਟੀ ਵਾਲਾ ਦਿਨ ਹੈ ਜਿਸ ਕਰਕੇ ਇਸ ਦਿਨ ਨਾਮਜਦਗੀ ਪੱਤਰ ਦਾਖਲ ਨਹੀਂ ਹੋ ਸਕਣਗੇ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਨਾਮਜ਼ਦਗੀ ਭਰਨ ਲਈ ਉਮੀਦਵਾਰਾਂ ਦੇ ਨਾਲ ਸਿਰਫ 2 ਵਿਅਕਤੀ ਹੀ ਅੰਦਰ ਰਿਟਰਨਿੰਗ ਅਫਸਰ ਕੋਲ ਜਾ ਸਕਣਗੇ।
ਜ਼ਿਲ੍ਹਾ ਚੋਣ ਅਫਸਰ ਨੇ ਇਹ ਵੀ ਦੱਸਿਆ ਕਿ ਉਮੀਦਵਾਰਾਂ ਦੀ ਸਹੂਲਤ ਲਈ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਾਮਜ਼ਦਗੀ ਪੱਤਰ ਆਨਲਾਈਨ ਦਾਖਲ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ ਜਿਸ ਤਹਿਤ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਨਾਲ ਨਾਲ ਸਬੰਧਿਤ ਦਸਤਾਵੇਜ਼ ਵੀ ਆਨਲਾਈ ਤਰੀਕੇ ਨਾਲ ਅਪਲੋਡ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਸਹੂਲਤ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਸੁਵਿਧਾ ਐਪ ਜਾਰੀ ਕੀਤੀ ਗਈ ਹੈ,ਜਿਸ ਲਈhttps://suvidha.eci.gov.in/ ਉਪਰ ਸੰਪਰਕ ਕੀਤਾ ਜਾ ਸਕਦਾ ਹੈ ।
ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਚੋਣ ਲੜਨ ਦੇ ਹੋਰ ਇੱਛੁਕ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਅਮਲ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਕੈਪਸ਼ਨ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਦੀਪਤੀ ਉੱਪਲ ਦੇ ਤਸਵੀਰ।