ਬੇਟੀ ਦੇ ਜਨਮ ਦਿਨ ‘ਤੇ ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਨੂੰ ਭੇਂਟ ਕੀਤੀ ਵਿੱਤੀ ਮਦਦ।
ਹੁਸ਼ਿਆਰਪੁਰ,ਆਦਮਪੁਰ 25 ਜਨਵਰੀ (ਰਣਜੀਤ ਸਿੰਘ ਬੈਂਸ)-ਬੇਸ਼ੱਕ ਮੰਦਿਰ ਅਤੇ ਗੁਰਦੁਆਰੇ ਸਾਡੀ ਧਾਰਮਿਕ ਆਸਥਾ ਦਾ ਕੇਂਦਰ ਹਨ ਅਤੇ ਕਿਸੇ ਨਿਰਾਸ਼ ਮਨੁੱਖ ਦੀ ਆਖਰੀ ਆਸ ਵੀ ਕਹੇ ਜਾ ਸਕਦੇ ਹਨ, ਪਰ ਸਾਡੇ ਸਿੱਖਿਆ ਅਦਾਰੇ ਵੀ ਕਿਸੇ ਮੰਦਰ ਅਤੇ ਗੁਰਦੁਆਰੇ ਤੋਂ ਘੱਟ ਨਹੀਂ ਹਨ, ਕਿਉਂਕਿ ਉੱਥੇ ਰੱਬ ਦੁਆਰਾ ਦਿੱਤੀ ਗਈ ਜ਼ਿੰਦਗੀ ਨੂੰ ਸੰਸਕਾਰਿਤ ਕਰਨ ਦਾ ਕੰਮ ਹੁੰਦਾ ਹੈ। ਉਪਰੋਕਤ ਸ਼ਬਦ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਿਭਾਗ ਸੰਪਰਕ ਮੁਖੀ ਮਨੋਜ ਗੁਪਤਾ ਨੇ ਆਪਣੀ ਬੇਟੀ ਗਰਿਮਾ ਦੇ ਜਨਮ ਦਿਨ ‘ਤੇ ਸਰਵਹਿੱਤਕਾਰੀ ਵਿਦਿਆ ਮੰਦਰ ਸਕੂਲ ਨੂੰ ਵਿੱਤੀ ਸਹਾਇਤਾ ਦੇਣ ਮੌਕੇ ਕਹੇ ਮਨੋਜ ਗੁਪਤਾ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਸਾਡੇ ਕਈ ਸਕੂਲਾਂ ਦੀ ਹਾਲਤ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ਵਿੱਚ ਅੱਜ ਵੀ ਸਿੱਖਿਆ ਦਾ ਵਪਾਰੀਕਰਨ ਨਹੀਂ ਹੋਇਆ, ਉਨ੍ਹਾਂ ਦੀ ਹਰ ਸੰਭਵ ਮਦਦ ਕਰਨਾ ਸਭਿਅਕ ਸਮਾਜ ਦਾ ਫਰਜ਼ ਹੈ। ਮਨੋਜ ਗੁਪਤਾ ਨੇ ਕਿਹਾ ਕਿ ਸਿੱਖਿਆ ਭਾਰਤੀ ਦੁਆਰਾ ਚਲਾਏ ਜਾ ਰਹੇ ਸਕੂਲ ਉੱਚ ਪੱਧਰੀ ਸਿੱਖਿਆ ਦੇਣ ਦੇ ਨਾਲ-ਨਾਲ ਮਾਮੂਲੀ ਫੀਸ ਲੈ ਕੇ ਸ਼ਖਸੀਅਤ ਨਿਰਮਾਣ ਦਾ ਕੰਮ ਵੀ ਕਰਦੇ ਹਨ। ਅਜਿਹੇ ਵਿੱਚ ਇਹ ਸਕੂਲ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਦਿੰਦੇ ਰਹਿਣ, ਇਸ ਲਈ ਖੁਸ਼ਹਾਲ ਸਮਾਜ ਦੇ ਲੋਕਾਂ ਨੂੰ ਸਮੇਂ-ਸਮੇਂ ‘ਤੇ ਇਨ੍ਹਾਂ ਸਕੂਲਾਂ ਦੀ ਮਦਦ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਸਾਇਟੀ ਦੀ ਮੀਤ ਪ੍ਰਧਾਨ ਸੁਨਾਲ ਪ੍ਰਿਆ ਨੇ ਮਨੋਜ ਗੁਪਤਾ ਦਾ ਧੰਨਵਾਦ ਕੀਤਾ ਅਤੇ ਹੋਰਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਪਣੇ ਖੇਤਰ ਵਿੱਚ ਪੈਂਦੇ ਸਿੱਖਿਆ ਭਾਰਤੀ ਦੇ ਸਕੂਲਾਂ ਦੇ ਪਰਿਵਾਰਕ ਮੈਂਬਰ ਬਣ ਕੇ ਸਕੂਲਾਂ ਦੀ ਸਾਂਭ-ਸੰਭਾਲ ਵਿੱਚ ਸਹਿਯੋਗ ਕਰਨ।ਇਸ ਮੌਕੇ ਮਨੋਜ ਗੁਪਤਾ ਦੀ ਪਤਨੀ ਸ਼੍ਰੀਮਤੀ ਰਿਤੂ ਗੁਪਤਾ, ਬੇਟੀ ਗਰਿਮਾ ਅਤੇ ਬੇਟਾ ਹਾਰਦਿਕ ਗੁਪਤਾ ਵੀ ਮੌਜੂਦ ਸਨ।