ਫਗਵਾੜਾ ਜਨਵਰੀ (ਰੀਤ ਪ੍ਰੀਤ ਪਾਲ ਸਿੰਘ ) ਹਲਕਾ ਵਿਧਾਨਸਭਾ ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਮਾਨ ਨੇ ਆਪਣੀ ਚੋਣ ਮੁਹਿਮ ਨੂੰ ਅੱਗੇ ਤੋਰਦੇ ਹੋਏ ਅੱਜ ਪਿੰਡ ਬੇਗਮਪੁਰ ਵਿਖੇ ਇਕ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਬਲਾਕ ਪ੍ਰਧਾਨ ਮਦਨ ਲਾਲ ਦੀ ਅਗਵਾਈ ਹੇਠ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰ. ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੀ ਲੁੱਟ ਅਤੇ ਝੂਠੇ ਲਾਰਿਆਂ ਤੋਂ ਤੰਗ ਆ ਚੁੱਕੇ ਹਨ ਅਤੇ ਬਦਲ ਦੇ ਰੂਪ ਵਿਚ ਤੀਜੀ ਧਿਰ ਆਪ ਵੱਲ ਦੇਖ ਰਹੇ ਹਨ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਆਪਣੀ ਵਧੀਆ ਕਾਰਗੁਜਾਰੀ ਤੋਂ ਸਾਬਿਤ ਕਰ ਦਿੱਤਾ ਹੈ ਕਿ ਲੋਕਾਂ ਨੂੰ ਸਸਤੀ ਬਿਜਲੀ, ਪਾਣੀ, ਸਿਹਤ ਸਹੂਲਤਾਂ ਅਤੇ ਸਿੱਖਿਆ ਵਰਗੀਆਂ ਮੁਢਲੀਆਂ ਜਰੂਰਤਾਂ ਸਿਰਫ ਆਮ ਆਦਮੀ ਪਾਰਟੀ ਹੀ ਮੁਹੱਈਆ ਕਰਵਾ ਸਕਦੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਅਤੇ ਸਹੂਲਤਾਂ ਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਹੁਣ ਤੱਕ ਦੀ ਹਰ ਸਰਕਾਰ ਫੇਲ ਰਹੀ ਹੈ। ਸਰਕਾਰੀ ਦਫਤਰਾਂ ਵਿਚ ਭ੍ਰਿਸ਼ਟਾਚਾਰ, ਸਮਾਜ ਵਿਚ ਨਸ਼ਾਖੌਰੀ ਅਤੇ ਬੇਰੁਜਗਾਰੀ ਨੂੰ ਦੂਰ ਕਰਨ ਵਿਚ ਹਰ ਸਰਕਾਰ ਫੇਲ ਰਹੀ ਹੈ ਜਿਸਨੂੰ ਲੈ ਕੇ ਲੋਕ ਨਿਰਾਸ਼ ਹਨ। ਉਹਨਾਂ ਭਰੋਸਾ ਦਿੱਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੱਭ ਤੋਂ ਪਹਿਲਾਂ ਨਸ਼ਾਖੋਰੀ, ਬੇਰੁਜਗਾਰੀ ਤੇ ਭ੍ਰਿਸ਼ਟਾਚਾਰ ਦੇ ਮਸਲਿਆਂ ਨੂੰ ਹਲ ਕੀਤਾ ਜਾਵੇਗਾ। ਇਸ ਮੌਕੇ ਸ਼ੀਤਲ ਸਿੰਘ ਪਲਾਹੀ ਅਤੇ ਨਰੇਸ਼ ਸ਼ਰਮਾ ਸੀਨੀਅਰ ਆਪ ਆਗੂਆਂ ਨੇ ਕਿਹਾ ਕਿ ਕੈਪਟਨ ਤੇ ਚੰਨੀ ਸਰਕਾਰ ਨੇ ਪਿਛਲੇ ਪੰਜ ਸਾਲ ਦੌਰਾਨ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਹਰ ਮੋਰਚੇ ਕਾਂਗਰਸ ਸਰਕਾਰ ਫੇਲ ਰਹੀ ਹੈ। ਨੌਜਵਾਨਾਂ ਨੂੰ ਰੁਜਗਾਰ ਨਹੀਂ ਮਿਲ ਰਿਹਾ ਅਤੇ ਉਹ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਜਲਦੀ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਜੋ ਹਰ ਵਰਗ ਦਾ ਖਿਆਲ ਰੱਖਦੇ ਹੋਏ ਨੀਤੀਆਂ ਬਣਾਏਗੀ ਅਤੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਬਲਾਕ ਪ੍ਰਧਾਨ ਮਦਨ ਲਾਲ ਨੇ ਜੋਗਿੰਦਰ ਸਿੰਘ ਮਾਨ ਨੂੰ ਭਰੋਸਾ ਦਿੱਤਾ ਕਿ ਪਿੰਡ ਦੀ ਇਕ ਇਕ ਵੋਟ ਆਮ ਆਦਮੀ ਪਾਰਟੀ ਦੇ ਹੱਕ ਵਿਚ ਭੁਗਤਾਈ ਜਾਵੇਗੀ। ਇਸ ਮੌਕੇ ਨਿੰਦਰ ਪਾਲ, ਬਿੱਲਾ ਰਾਮ, ਦਲਵੀਰ ਚੰਦ, ਚਮਨ ਲਾਲ, ਬਲਵੀਰ ਚੰਦ ਆਦਿ ਹਾਜਰ ਸਨ।