ਭਾਈ ਲੌਂਗੋਵਾਲ ਨੇ ਆਪਣੀ ਚੋਣ ਮੁਹਿੰਮ ਤੇਜ਼ ਕੀਤੀ
ਮੂਣਕ, 29 ਜਨਵਰੀ
‘ਪੰਜਾਬ ਵਿਚ ਅਕਾਲੀ-ਬਸਪਾ ਸਰਕਾਰ ਆਉਣ ‘ਤੇ ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ ਮਿਲੇਗਾ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਮੂਣਕ ਵਿਚ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਵੱਖ-ਵੱਖ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਭਾਈ ਲੌਂਗੋਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਉਸ ਦੀ ਅੰਦਰੂਨੀ ਧੜੇਬੰਦੀ ਨੇ ਖ਼ਤਮ ਕਰਕੇ ਰੱਖ ਦਿੱਤਾ ਹੈ। ਇਸ ਪਾਰਟੀ ਦੀ ਆਪਸੀ ਕੁਰਸੀ ਦੀ ਲੜਾਈ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਕੋਲ ਸੱਤਾ ਦੇ ਸੁਪਨੇ ਵੇਖਣ ਤੋਂ ਬਗੈਰ ਪੰਜਾਬ ਦਾ ਕੋਈ ਏਜੰਡਾ ਨਹੀਂ ਹੈ। ਸੰਯੁਕਤ ਅਕਾਲੀ ਦਲ ਨੇ ਭਾਜਪਾ ਨਾਲ ਸਾਂਝ ਪਾ ਕੇ ਪੰਜਾਬ ਵਿਰੋਧੀ ਸੋਚ ਦਾ ਪ੍ਰਗਟਾਵਾ ਕਰ ਦਿੱਤਾ ਹੈ, ਜਿਸ ਕਾਰਨ ਹੁਣ ਪੰਜਾਬ ਦੇ ਲੋਕ ਇਨ੍ਹਾਂ ਦੇ ਚੁੰਗਲ ਵਿਚ ਨਹੀਂ ਫਸਣਗੇ। ਅਕਾਲੀ-ਬਸਪਾ ਗਠਜੋੜ ਸਰਕਾਰ ਲਿਆਉਣ ਵਿਚ ਹੀ ਪੰਜਾਬ ਦਾ ਭਲਾ ਹੋਵੇਗਾ। ਇਸ ਮੌਕੇ ਭਾਈ ਲੌਂਗੋਵਾਲ ਨੇ ਕਿਹਾ ਕਿ ਅਕਾਲੀ-ਬਸਪਾ ਸਰਕਾਰ ਆਉਣ ‘ਤੇ ਵਿਧਾਨ ਸਭਾ ਹਲਕਾ ਲਹਿਰਾ ਵਿਚ ਵਿਕਾਸ ਦੇ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ ਅਤੇ ਇਸ ਹਲਕੇ ਨੂੰ ਪੰਜਾਬ ਦਾ ਮਾਡਲ ਹਲਕਾ ਬਣਾਇਆ ਜਾਵੇਗਾ। ਪੀਣ ਵਾਲੇ ਪਾਣੀ, ਸੜਕਾਂ, ਸਿਹਤ ਸੇਵਾਵਾਂ ਅਤੇ ਸਿੱਖਿਆ ਸਹੂਲਤਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਵੋਟਰਾਂ ਨੂੰ ਅਕਾਲੀ-ਬਸਪਾ ਸਰਕਾਰ ਬਣਾਉਣ ਲਈ ਦਿਨ-ਰਾਤ ਇਕ ਕਰ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸੂਰਜ ਮੱਲ ਗੁਲਾੜੀ, ਭਗਵੰਤ ਸਿੰਘ ਮੰਡਵੀ, ਕਮਲਜੀਤ ਸਿੰਘ ਸੈਣੀ ਐਮ.ਸੀ., ਜਸਪਾਲ ਸਿੰਘ ਦੇਹਲਾਂ, ਬਸਪਾ ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰ ਸੰਗਰੋਲੀ, ਜ਼ਿਲ੍ਹਾ ਮੀਤ ਪ੍ਰਧਾਨ ਜਗਜੀਤ ਸਿੰਘ ਖੰਡੇਬਾਦ, ਹਲਕਾ ਲਹਿਰਾ ਇੰਚਾਰਜ਼ ਰਾਮ ਦਾਸ ਭੁੱਕਲ, ਹਲਕਾ ਮੀਤ ਪ੍ਰਧਾਨ ਰਾਜਵੀਰ ਸਿੰਘ, ਹਲਕਾ ਸਕੱਤਰ ਭੂਰਾ ਸਿੰਘ ਲੇਹਲ ਖੁਰਦ, ਸ਼ਹਿਰੀ ਇੰਚਾਰਜ਼ ਗੁਰਜੀਤ ਸਿੰਘ, ਸ਼ਹਿਰੀ ਪ੍ਰਧਾਨ ਰਜਿੰਦਰ ਸਿੰਘ, ਕਿਸ਼ਨ ਜੱਸਲ, ਰਾਜ ਕੁਮਾਰ ਬਾਪੁਰ ਅਤੇ ਰਾਮ ਰੂਪ ਠਸਕਾ ਆਦਿ ਵੀ ਹਾਜ਼ਰ ਸਨ।