ਜਲੰਧਰ,ਆਦਮਪੁਰ, 1 ਫਰਵਰੀ (ਰਣਜੀਤ ਸਿੰਘ ਬੈਂਸ)
ਹਲਕਾ ਆਦਮਪੁਰ ਤੋਂ ਕਾਂਗਰਸ ਪਾਰਟੀ ਵਲੋਂ ਐਲਾਨੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਵੱਲੋਂ ਚੋਣ ਅਧਿਕਾਰੀ ਜਲੰਧਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਦਿੱਤੇ ਗਏ। ਦੱਸਣਯੋਗ ਹੈ ਕੇ ਕਾਂਗਰਸ ਹਾਈ ਕਮਾਨ ਵਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਇੰਚਾਰਜ ਟਿਕਟ ਦੇ ਮੁੱਖ ਦਾਅਵੇਦਾਰ ਮਹਿੰਦਰ ਸਿੰਘ ਕੇ ਪੀ ਦੀ ਟਿਕਟ ਕੱਟ ਕੇ ਕੁਝ ਮਹੀਨੇ ਪਹਿਲਾਂ ਕਾਂਗਰਸ ਪਾਰਟੀ ਚ ਸ਼ਾਮਲ ਹੋਏ ਬਸਪਾ ਆਗੂ ਸੁਖਵਿੰਦਰ ਸਿੰਘ ਕੋਟਲੀ ਨੂੰ ਦੇ ਦਿੱਤੀ ਸੀ। ਜਿਸ ਦੇ ਚੱਲਦਿਆਂ ਮਹਿੰਦਰ ਸਿੰਘ ਕੇ ਪੀ ਵੱਲੋਂ ਪਾਰਟੀ ਨਾਲ ਨਰਾਜ਼ਗੀ ਦੇ ਚੱਲਦਿਆਂ ਕਿਸੇ ਹੋਰ ਪਾਰਟੀ ਦੀ ਟਿਕਟ ਜਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਸੀ। ਕਾਂਗਰਸ ਪਾਰਟੀ ਵੱਲੋਂ ਮਹਿੰਦਰ ਸਿੰਘ ਕੇ ਪੀ ਨੂੰ ਮਨਾ ਕੇ ਦੁਬਾਰਾ ਟਿਕਟ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ। ਪਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਸਥਿਤੀ ਰੋਮਾਂਚਕ ਹੋ ਗਈ ਜਦੋਂ ਪਾਰਟੀ ਦੇ ਕਹੇ ਤੇ ਕੇ ਪੀ ਅਤੇ ਪਹਿਲਾਂ ਐਲਾਨੇ ਉਮੀਦਵਾਰ ਕੋਟਲੀ ਦੋਵੇਂ ਚੋਣ ਅਧਿਕਾਰੀ ਕੋਲ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਪੁਹੰਚ ਗਏ । ਪਰ ਆਖਰੀ ਸਮੇਂ ਤੇ ਮਹਿੰਦਰ ਸਿੰਘ ਕੇ ਪੀ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦੋਂ ਪਾਰਟੀ ਹਾਈ ਕਮਾਨ ਵਲੋਂ ਸੁਖਵਿੰਦਰ ਸਿੰਘ ਕੋਟਲੀ ਨੂੰ ਹੀ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਮਨਜ਼ੂਰੀ ਦੇ ਦਿੱਤੀ। ਮਹਿੰਦਰ ਸਿੰਘ ਕੇ ਪੀ ਉਹਨਾਂ ਦੇ ਪਰਿਵਾਰ ਅਤੇ ਸਮਰਥਕਾਂ ਦੇ ਚਿਹਰਿਆਂ ਤੇ ਵਾਪਿਸ ਬੇਰੰਗ ਪਰਤਣ ਤੇ ਨਿਰਾਸ਼ਾ ਝਲਕ ਰਹੀ ਸੀ।