- ਪਰਮਿੰਦਰ ਨੂੰ ਵੋਟ ਪਾਉਣੀ, ਹਲਕੇ ਦੇ ਸੁਨਹਿਰੀ ਭਵਿੱਖ ਦਾ ਆਗਾਜ ਕਰਨਾ – ਬੀਬੀ ਹਰਮਨ ਕੌਰ ਜੇਜੀ
ਮੂਣਕ, 2 ਫਰਵਰੀ (ਨਰੇਸ ਤਨੇਜਾ) – ਹਲਕਾ ਲਹਿਰਾ ਦੇ ਸਾਬਕਾ ਵਿਧਾਇਕ ਅਤੇ ਪ੍ਰਸਿੱਧ ਸਮਾਜ ਸੇਵੀ ਸ. ਇੰਦਰਜੀਤ ਸਿੰਘ ਜੇਜੀ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਪੰਜਾਬ ਲੋਕ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸ. ਪਰਮਿੰਦਰ ਸਿੰਘ ਢੀਂਡਸਾ ਦੀ ਚੋਣ ਮੁਹਿੰਮ ਦੀ ਕਮਾਨ ਸੰਭਾਲਦਿਆਂ ਹਲਕੇ ਦੇ ਪਿੰਡਾਂ ਚੋਟੀਆਂ, ਬੱਲ੍ਹਰਾਂ ਅਤੇ ਚੂਲੜ੍ਹ ਸਮੇਤ ਹੋਰ ਵੱਖ-ਵੱਖ ਪਿੰਡਾਂ ਅਤੇ ਕਾਲਜ ਜਾ ਕੇ ਧੂੰਆ-ਧਾਰ ਚੋਣ ਪ੍ਰਚਾਰ ਕੀਤਾ ਗਿਆ।ਇਸ ਮੌਕੇ ਸ. ਪਰਮਿੰਦਰ ਸਿੰਘ ਢੀਂਡਸਾ ਦੀ ਧਰਮਪਤਨੀ ਬੀਬੀ ਗਗਨਦੀਪ ਕੌਰ ਢੀਂਡਸਾ ਵੀ ਮੌਜੂਦ ਸਨ।ਵੱਖ-ਵੱਖ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਇੰਦਰਜੀਤ ਸਿੰਘ ਜੇਜੀ ਨੇ ਕਿਹਾ ਕਿ ਸਾਰਾ ਹਲਕਾ ਇਸ ਗੱਲ ਦਾ ਗਵਾਹ ਹੈ ਕਿ ਕਾਂਗਰਸ ਦੇ ਲੰਮੇ ਸਮੇਂ ਰਾਜਭਾਗ ਦੌਰਾਨ ਵੀ ਇਸ ਹਲਕੇ ਨੂੰ ਵਿਕਾਸ ਪੱਖੋਂ ਪੂਰੀ ਤਰ੍ਹਾਂ ਅਣਗੌਲਿਆ ਰੱਖਿਆ ਗਿਆ।ਜਦੋਂ ਸ. ਪਰਮਿੰਦਰ ਸਿੰਘ ਢੀਂਡਸਾ ਜੀ ਨੂੰ ਇਸ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਸਰਕਾਰ ਨਾ ਹੋਣ ਦੇ ਬਾਵਜੂਦ ਰਿਕਾਰਡ ਵਿਕਾਸ ਕਾਰਜ ਕਰਵਾਏ ਗਏ।ਹਲਕੇ ਨੂੰ ਘੱਗਰ ਦੀ ਮਾਰ ਤੋਂ ਬਚਾਉਣ ਦੇ ਠੋਸ ਉਪਰਾਲੇ ਕੀਤੇ ਗਏ।ਕਿਸਾਨਾਂ ਦੀ ਤਕਲੀਫਾਂ ਨੂੰ ਆਪਣੀ ਤਕਲੀਫ ਸਮਝਿਆ ਤੇ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਕੀਤਾ।ਮੂਣਕ ਸ਼ਹਿਰ ਵਿਚ ਯੂਨੀਵਰਸਿਟੀ ਕਾਲਜ ਬਣਵਾਇਆ, ਜਿਸ ਵਿਚ ਅੱਜ ਕਰੀਬ 3000 ਬੱਚੇ-ਬੱਚੀਆਂ ਸਿੱਖਿਆ ਹਾਸਲ ਕਰ ਰਹੇ ਹਨ।ਜਦਕਿ ਪਹਿਲਾਂ ਬੱਚਿਆਂ ਨੂੰ ਨੇੜੇ ਕੋਈ ਕਾਲਜ ਨਾ ਹੋਣ ਕਰਕੇ ਆਪਣੀ ਪੜ੍ਹਾਈ ਵਿਚਕਾਰ ਹੀ ਛੱਡਣੀ ਪੈਂਦੀ ਸੀ।ਹਲਕੇ ਅੰਦਰ ਗਲੀਆਂ, ਨਾਲੀਆਂ ਤੇ ਸੀਵਰੇਜ ਸਿਸਟਮ ਲਿਆਂਦਾ ਗਿਆ।ਖੇਡਾਂ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸਟੇਡੀਅਮਾਂ ਦਾ ਨਿਰਮਾਣ ਕਰਵਾਇਆ।ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਲੰਮਾ ਸਮਾਂ ਪਛੜੇ ਰਹੇ ਹਲਕੇ ਨੂੰ ਵਿਕਾਸ ਪੱਖੋਂ ਅੱਗੇ ਲਿਆਉਣ ਦਾ ਸਿਹਰਾ ਪਰਮਿੰਦਰ ਸਿੰਘ ਢੀਂਡਸਾ ਨੂੰ ਜਾਦਾ ਹੈ। ਲੋਕਾਂ ਨੇ ਵਿਕਾਸ ਹੁੰਦਾ ਅੱਖੀਂ ਵੇਖਿਆ ਹੈ, ਬਹੁਤ ਸਾਰੇ ਪਿੰਡ ਹਨ, ਜੋ ਢੀਂਡਸਾ ਦੇ ਯਤਨਾਂ ਸਦਕਾ ਅੱਜ ਨਮੂਨੇ ਦੇ ਪਿੰਡ ਬਣਕੇ ਅੱਗੇ ਆਏ। ਬੀਬੀ ਹਰਮਨ ਕੌਰ ਜੇਜੀ ਨੇ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਜਿੱਤ ਕਿਸੇ ਇਕ ਵਿਅਕਤੀ ਤੇ ਨਿਰਭਰ ਨਹੀਂ ਹੁੰਦੀ, ਬਲਕਿ ਵਰਕਰਾਂ ਅਤੇ ਉਮੀਦਵਾਰ ਦੇ ਸਮਰੱਥਕਾਂ ਦੇ ਸਾਂਝੇ ਯਤਨਾਂ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਦਾਰਸ਼ਨਿਕ ਅੰਦਾਜ ਵਿਚ ਗੱਲ ਕਰਦਿਆਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਵੋਟ ਪਾਉਣੀ, ਹਲਕੇ ਦੇ ਸੁਨਹਿਰੀ ਭਵਿੱਖ ਦਾ ਆਗਾਜ ਕਰਨਾ ਹੈ।ਇਸ ਮੌਕੇ ਅਮਨਬੀਰ ਸਿੰਘ ਚੈਰੀ, ਗਰੀਬ ਸਿੰਘ, ਹਰਪ੍ਰੀਤ ਸਿੰਘ ਭੋਜਾ ਚੋਟੀਆਂ, ਮਨਜੀਤ ਸਿੰਘ ਮੈਂਬਰ ਬੱਲ੍ਹਰਾਂ, ਰਾਕੇਸ਼ ਬੱਲ੍ਹਰਾਂ ਬਲਾਕ ਸੰਮਤੀ ਮੈਂਬਰ, ਬੂਟਾ ਸਿੰਘ, ਅਜੈਬ ਸਿੰਘ ਸਮੇਤ ਪਿੰਡਾਂ ਦੇ ਵੱਖ ਵੱਖ ਮੋਹਤਬਰ ਵਿਅਕਤੀ ਮੌਜੂਦ ਸਨ।