ਵਿਧਾਨ ਸਭਾ ਚੋਣਾਂ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਕੀਤਾ ਫਲੈਗ ਮਾਰਚ
ਡੇਰਾ ਬਾਬਾ ਨਾਨਕ , (ਵਿਨੋਦ ਸੋਨੀ)-ਸਾਲ 2022 ਵਿਚ 20 ਫਰਵਰੀ ਨੂੰ ਸੁਬੇ ਅੰਬਰ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਪੁਲੀਸ ਤੇ ਬੀ ਐਸ ਐਫ ਜਵਾਨਾਂ ਵੱਲੋਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸਐੱਸਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐੱਸ ਐੱਚ ਓ ਮੈਡਮ ਅਮਨਜੋਤ ਕੌਰ ਦੀ ਅਗਵਾਈ ਹੇਠ ਕਸਬੇ ਦੇ ਵੱਖ ਵੱਖ ਬਾਜ਼ਾਰਾਂ ਅੰਦਰ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਐੱਸਐੱਚਓ ਮੈਡਮ ਅਮਨਜੋਤ ਕੌਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ। ਮੈਡਮ ਅਮਨਜੋਤ ਕੌਰ ਨੇ ਕਿਹਾ ਕਿ ਇਸ ਸਰਹੱਦੀ ਇਲਾਕੇ ਅੰਦਰ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਜਾਂ ਰਸਤੇ ਵਿੱਚ ਪਏ ਕਿਸੇ ਵੀ ਲਾਵਾਰਸ ਸਾਮਾਨ ਦੀ ਸੂਚਨਾ ਤੁਰੰਤ ਸਬੰਧਤ ਪੁਲਸ ਥਾਣੇ ਨੂੰ ਦੇਣ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਪਹਿਲਾਂ ਰੋਕਿਆ ਜਾ ਸਕੇ ।ਉਨ੍ਹਾਂ ਕਿਹਾ ਕਿ ਪੁਲਸ ਲੋਕਾਂ ਦੀ ਸਹਾਇਤਾ ਲਈ ਚੌਵੀ ਘੰਟੇ ਹਾਜ਼ਰ ਹੈ ਅਤੇ ਲੋਕ ਵੀ ਪੁਲਿਸ ਨੂੰ ਪੂਰਨ ਸਹਿਯੋਗ ਦੇਣ ਤਾਂ ਕਿ ਇਲਾਕੇ ਅੰਦਰ ਗੁੰਡਾਗਰਦੀ ਤੇ ਭੈੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ। ਇਸ ਮੌਕੇ ਐੱਸ ਐੱਚ ਓ ਮੈਡਮ ਅਮਨਜੋਤ ਕੌਰ ਸਮੇਤ ਵੱਡੀ ਗਿਣਤੀ ਵਿਚ ਪੰਜਾਬ ਪੁਲੀਸ ਤੇ ਬੀਐਸਐਫ ਦੇ ਜਵਾਨ ਹਾਜ਼ਰ ਸਨ ।