ਮੂਣਕ, 5 ਫਰਵਰੀ(ਨਰੇਸ ਤਨੇਜਾ)
‘ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਨ ਪਿੱਛੇ ਇਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਹੀ ਵਿਹਲ ਨਹੀਂ ਹੈ, ਉਹ ਪੰਜਾਬ ਦੇ ਭਲੇ ਬਾਰੇ ਕਿਵੇਂ ਸੋਚ ਸਕਦੇ ਹਨ।’ ਇਹ ਗੱਲ ਅੱਜ ਇੱਥੋਂ ਨੇੜਲੇ ਪਿੰਡ ਬੱਲਰਾਂ ਵਿਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖੀ।
ਉਨ੍ਹਾਂ ਆਖਿਆ ਕਿ ਪੰਜਾਬ ਇਸ ਵੇਲੇ ਬੇਹੱਦ ਮਾੜੇ ਹਾਲਾਤਾਂ ਵਿਚੋਂ ਲੰਘ ਰਿਹਾ ਹੈ। ਪੰਜਾਬ ਦੇ ਹਾਲਾਤ ਸੁਧਾਰਨ ਲਈ ਅਕਾਲੀ-ਬਸਪਾ ਤੋਂ ਬਗੈਰ ਕਿਸੇ ਕੋਲ ਏਜੰਡਾ ਨਹੀਂ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸੰਯੁਕਤ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਕੀਤਾ ਹੋਇਆ ਹੈ, ਜਿਹੜੀ ਕਿ ਕਿਸਾਨ ਵਿਰੋਧੀ ਅਤੇ ਸੂਬਿਆਂ ਨੂੰ ਕਮਜੋਰ ਕਰਕੇ ਸਾਰੇ ਅਧਿਕਾਰ ਕੇਂਦਰ ਦੇ ਹੱਥ ਫੜਾਉਣਾ ਚਾਹੁੰਦੀ ਹੈ। ਜਦੋਂਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਲੁੱਟਣ ਲਈ ਸੱਤਾ ਹਥਿਆਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਪੰਜਾਬ ਦਾ ਸਰਬਪੱਖੀ ਵਿਕਾਸ ਹੋਇਆ ਹੈ। ਉਨ੍ਹਾਂ ਇਸ ਵਾਰ ਵੱਡੇ ਫਰਕ ਨਾਲ ਅਕਾਲੀ-ਬਸਪਾ ਨੂੰ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਕਪੂਰ ਸਿੰਘ ਸਾਬਕਾ ਸਰਪੰਚ, ਸੇਵਾ ਸਿੰਘ, ਜਗਦੇਵ ਸਿੰਘ ਸਾਬਕਾ ਸਾਬਕਾ ਫੌਜੀ, ਕੈਪਟਨ ਤਰਸੇਮ ਸਿੰਘ, ਸ਼ਮਸ਼ੇਰ ਸਿੰਘ ਬੱਲਰਾਂ, ਘਾਲਾ ਸਿੰਘ ਬੱਲਰਾਂ, ਜਾਟਾ ਸਿੰਘ ਬੱਲਰਾਂ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ, ਮਲਕੀਤ ਸਿੰਘ ਸਾਬਕਾ ਐਮ.ਸੀ. ਅਤੇ ਗਿਆਨੀ ਨਰਿੰਜਣ ਸਿੰਘ ਭੂਟਾਲ ਵੀ ਹਾਜ਼ਰ ਸਨ।