ਮੂਣਕ, 5 ਫਰਵਰੀ(ਨਰੇਸ ਤਨੇਜਾ)
ਅਕਾਲੀ ਦਲ (ਸੰਯੁਕਤ) ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਉਸ ਦੇ ਐਸ.ਸੀ. ਵਿੰਗ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਡੂਡੀਆਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਸ਼ਾਮਲ ਹੋ ਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਸਮਰਥਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸੰਯੁਕਤ ਅਕਾਲੀ ਦਲ ਦੀ ਕਿਸਾਨ ਵਿਰੋਧੀ ਭਾਜਪਾ ਨਾਲ ਸਾਂਝ ਕਾਰਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ।
ਅੱਜ ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਮੂਣਕ ਸਥਿਤ ਚੋਣ ਦਫਤਰ ਵਿਚ ਪਹੁੰਚੇ ਜਸਵੀਰ ਸਿੰਘ ਡੂਡੀਆਂ ਦਾ ਭਾਈ ਲੌਂਗੋਵਾਲ ਨੇ ਸਿਰੋਪਾ ਪਾ ਕੇ ਅਕਾਲੀ ਦਲ (ਬਾਦਲ) ਵਿਚ ਆਉਣ ‘ਤੇ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਹਰੇਕ ਮਿਹਨਤੀ ਵਰਕਰ ਤੇ ਆਗੂ ਦਾ ਪੂਰਾ ਮਾਣ-ਤਾਣ ਕੀਤਾ ਜਾਵੇਗਾ। ਇਸ ਮੌਕੇ ਮਲਕੀਤ ਸਿੰਘ ਸੈਣੀ ਸਾਬਕਾ ਐਮ.ਸੀ., ਨਿਰਮਲ ਸਿੰਘ ਕੜੈਲ ਸਾਬਕਾ ਚੇਅਰਮੈਨ, ਸਰਬਜੀਤ ਸਿੰਘ ਸਰਪੰਚ ਸੁਰਜਨ ਭੈਣੀ ਅਤੇ ਜਸਪਾਲ ਸਿੰਘ ਦੇਹਲਾਂ ਵੀ ਹਾਜ਼ਰ ਸਨ।