ਚੰਡੀਗੜ੍ਹ: Punjab Election 2022: ਪੰਜਾਬ ਦੀਆਂ ਚੋਣਾਂ ਵਿੱਚ ਜਿਥੇ ਸਿਆਸਤ ਦਾ ਤੜਕਾ ਲੱਗ ਰਿਹਾ ਹੈ, ਉਥੇ ਹੀ ਕਾਂਗਰਸ ਵੱਲੋਂ ਖੁਦ ਨੂੰ ਮੁੱਖ ਮੰਤਰੀ ਉਮੀਦਵਾਰ (CM FACE Congress) ਐਲਾਨ ਕੀਤੇ ਜਾਣ ਉਪਰੰਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਵੀ ਇੱਕ ਢਾਬੇ ‘ਤੇ ਛੋਲਿਆਂ ਨੂੰ ਤੜਕਾ ਲਾਇਆ ਅਤੇ ਰੋਟੀ ਖਾਧੀ। ਇਸਤੋਂ ਪਹਿਲਾਂ ਕਾਂਗਰਸ ਵੱਲੋਂ ਚੰਨੀ ਦਾ ਚੋਣ ਪ੍ਰਚਾਰ ਗੀਤ ਵੀ ਜਾਰੀ ਕੀਤਾ ਗਿਆ ਸੀ।
ਐਤਵਾਰ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤੇ ਜਾਣ ਉਪਰੰਤ ਮੁੱਖ ਮੰਤਰੀ ਚੰਨੀ ਦਾ ਜੋਸ਼ ਦੇਖਿਆਂ ਹੀ ਬਣਦਾ ਸੀ। ਚੰਨੀ ਜਿਵੇਂ ਹੀ ਰੈਲੀ ਸਥਾਨ ਤੋਂ ਬਾਹਰ ਨਿਕਲੇ ਤਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਕਾਫ਼ਲਾ ਸ਼ਹਿਰ ਵੱਲ ਨੂੰ ਤੁਰਿਆ ਜਦਕਿ ਇਸਦੇ ਉਲਟ ਚਰਨਜੀਤ ਸਿੰਘ ਚੰਨੀ ਦਾ ਕਾਫ਼ਲਾ ਮੁੱਲਾਂਪੁਰ ਰਾਏਕੋਟ ਵੱਲ ਚੋਣ ਪ੍ਰਚਾਰ ਲਈ ਤੁਰ ਪਿਆ।
ਲੁਧਿਆਣਾ ‘ਚ ਇੱਕ ਢਾਬੇ ‘ਤੇ ਰੋਟੀ ਖਾਂਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ।
ਪੇਂਡੂ ਹਲਕਿਆਂ ਦੇ ਚੋਣ ਪ੍ਰਚਾਰ ਤੋਂ ਵਿਹਲੇ ਹੋ ਮੁੜ ਲੁਧਿਆਣਾ ਸ਼ਹਿਰ ਵਿੱਚ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਹਲਕਾ ਆਤਮ ਨਗਰ ਅਤੇ ਦੱਖਣੀ ਦੀ ਹੱਦ ‘ਤੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਇੱਕ ਭੁੱਲਰ ਢਾਬਾ ਨਜ਼ਰ ਆਇਆ। ਉਨ੍ਹਾਂ ਤੁਰੰਤ ਹੀ ਭੁੱਖ ਲੱਗੀ ਹੋਣ ਕਾਰਨ ਕਾਫ਼ਲਾ ਰੁਕਵਾ ਲਿਆ ਅਤੇ ਗੱਡੀ ਵਿੱਚੋਂ ਉਤਰ ਕੇ ਢਾਬੇ ‘ਤੇ ਪੁੱਜ ਗਏ ਜਿੱਥੇ ਉਨ੍ਹਾਂ ਆਪਣੇ ਅੰਦਾਜ਼ ਵਿਚ ਪਹਿਲਾਂ ਛੋਲਿਆਂ ਨੂੰ ਖ਼ੁਦ ਤੜਕਾ ਲਾਇਆ ਅਤੇ ਫਿਰ ਢਾਬੇ ਦੇ ਕਾਊਂਟਰ ਦੇ ਬਾਹਰ ਖੜ੍ਹੇ ਹੋ ਕੇ ਮਾਲਕ ਉਂਕਾਰ ਸਿੰਘ ਤੋਂ ਰੋਟੀ ਮੰਗਵਾਈ। ਜਿੱਥੇ ਉਨ੍ਹਾਂ ਢਾਬੇ ਦੇ ਬਾਹਰ ਖੜ੍ਹੇ ਹੋ ਕੇ ਹੀ ਰੋਟੀ ਖਾਧੀ ਅਤੇ ਆਪਣੇ ਨਾਲ ਦੇ ਸਾਥੀ ਨੂੰ ਢਾਬਾ ਮਾਲਕ ਨੂੰ ਪੈਸੇ ਦੇਣ ਬਾਰੇ ਆਖ ਇਲਾਕੇ ਦੇ ਲੋਕਾਂ ਨਾਲ ਸੈਲਫੀਆਂ ਖਿਚਵਾਉਣ ਲੱਗੇ।
ਇਸ ਦੌਰਾਨ ਮੁੱਖ ਮੰਤਰੀ ਨੂੰ ਸਾਧਾਰਨ ਢਾਬੇ ‘ਤੇ ਰੋਟੀ ਖਾਂਦੇ ਦੇਖ ਇਕੱਠੇ ਹੋਏ ਲੋਕਾਂ ਨੇ ਉਨ੍ਹਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਅਗਲੇ ਪੰਜ ਸਾਲ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕਰਨ ਲੱਗੇ। ਉਪਰੰਤ ਲੋਕਾਂ ਨਾਲ ਗੱਲਾਂ ਕਰਦੇ ਕਰਦੇ ਮੁੱਖ ਮੰਤਰੀ ਆਪਣੀ ਗੱਡੀ ਵਿੱਚ ਬੈਠ ਅੱਗੇ ਨਿਕਲ ਗਏ।