ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਨ ਤੇ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਲਈ ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਨੌਕਰੀਆਂ ਰਾਖਵੀਂਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਉੱਚ ਵਿੱਦਿਆ ਲਈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 33 ਫ਼ੀਸਦੀ ਸੀਟਾਂ ਰਿਜ਼ਰਵ ਹੋਣਗੀਆਂ ਅਤੇ ਉਨ੍ਹਾਂ ਦੀ ਫੀਸ ਪੰਜਾਬ ਸਰਕਾਰ ਅਦਾ ਕਰੇਗੀ। ਉਹ ਅੱਜ ਬਾਦ ਦੁਪਹਿਰ ਬਨੂੜ ਦੀ ਅਨਾਜ ਮੰਡੀ ਵਿੱਚ ਪਾਰਟੀ ਦੇ ਰਾਜਪੁਰਾ ਹਲਕੇ ਤੋਂ ਉਮੀਦਵਾਰ ਚਰਨਜੀਤ ਸਿੰਘ ਬਰਾੜ ਦੇ ਹੱਕ ਵਿੱਚ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਬਾਦਲ ਨੇ ਆਖਿਆ ਕਿ ਸਰਕਾਰ ਬਣਨ ਉੱਤੇ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ 12 ਹਜ਼ਾਰ ਕਰੋੜ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੰਜਾਬ ਵਿੱਚ ਸਮੁੱਚਾ ਵਿਕਾਸ ਚਾਹੇ ਉਹ ਥਰਮਲ ਪਲਾਂਟ ਹੋਣ, ਏਅਰਪੋਰਟ ਹੋਣ, ਚਾਰ ਤੇ ਛੇ ਮਾਰਗੀ ਸੜਕਾਂ ਹੋਣ, ਮੰਡੀਆਂ, ਨਹਿਰਾਂ ਅਤੇ ਖਾਲਾਂ ਹੋਣ ਤੇ 16 ਲੱਖ ਟਿਊਬਵੈੱਲ ਕੁਨੈਕਸ਼ਨ ਵਿੱਚ ਸਾਢੇ 13 ਲੱਖ ਕੁਨੈਕਸ਼ਨ ਦੇਣ ਦੀ ਗੱਲ ਹੋਵੇ, ਸਾਰਾ ਕੁੱਝ ਅਕਾਲੀ ਸਰਕਾਰ ਸਮੇਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਬਣਦਿਆਂ ਹੀ ਹਰੇਕ ਪਰਿਵਾਰ ਨੂੰ ਚਾਰ ਸੌ ਯੂਨਿਟ ਮੁਫ਼ਤ ਬਿਜਲੀ ਅਤੇ ਹੋਰ ਸਮੁੱਚੇ ਵਾਅਦੇ ਪੂਰੇ ਕੀਤੇ ਜਾਣਗੇ।
ਇਸ ਮੌਕੇ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਉੱਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਪੰਜਾਬ ਵਿਰੋਧੀ ਹੈ। ਕੇਜਰੀਵਾਲ ਨੇ ਐਸਵਾਈਐਲ ਕਢਾਕੇ ਦਿੱਲੀ ਨੂੰ ਪਾਣੀ ਦੇਣ, ਪੰਜਾਬ ਦੇ ਧੂੰਏ ਨੂੰ ਰੋਕਣ ਲਈ ਥਰਮਲ ਬੰਦ ਕਰਾਉਣ, ਪਰਾਲੀ ਸਾੜਨ ਨੂੰ ਰੋਕਣ ਲਈ ਕਾਨੂੰਨ ਬਣਾਉਣ ਵਰਗੇ ਮਾਮਲੇ ਅਦਾਲਤ ਵਿੱਚ ਲਿਜਾਂਦੇ, ਜਿਹੜੇ ਕਿ ਪੰਜਾਬ ਅਤੇ ਪੰਜਾਬੀਆਂ ਦੇ ਵਿਰੁੱਧ ਸਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਦੇ ਕਿਸੇ ਮਸਲੇ ਬਾਰੇ ਕੋਈ ਗਿਆਨ ਨਹੀਂ ਹੈ ਤੇ ਇਹ ਪੰਜ ਸਾਲਾਂ ਬਾਦ ਚੋਣਾਂ ਸਮੇਂ ਹੀ ਇੱਥੇ ਨਜ਼ਰ ਆਉਂਦਾ ਹੈ। ਸ੍ਰੀ ਬਾਦਲ ਨੇ ਰਾਜਪੁਰਾ ਹਲਕੇ ਦੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਵੀ ਮਾਫੀਆ ਗਰੋਹਾਂ ਦਾ ਸਰਗਨਾ ਦੱਸਦਿਆਂ ਅਕਾਲੀ ਸਰਕਾਰ ਆਉਣ ਤੇ ਕਾਰਵਾਈ ਕਰਨ ਦਾ ਐਲਾਨ ਕੀਤਾ। ਉਨ੍ਹਾਂ ਬਨੂੜ ਦੀ ਬਾਜ਼ੀਗਰ ਬਰਾਦਰੀ ਨੂੰ ਜ਼ਮੀਨ ਅਲਾਟ ਕਰਨ ਅਤੇ ਕਾਲਜ ਖੋਲਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਸੁਖਬੀਰ ਬਾਦਲ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਚਰਨਜੀਤ ਸਿੰਘ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਮਨਪ੍ਰੀਤ ਕੌਰ ਡੌਲੀ, ਸ਼ੀਲਮ ਸੋਹੀ, ਬਲਵਿੰਦਰ ਕੌਰ ਚੀਮਾ, ਬਸਪਾ ਆਗੂ ਜਗਜੀਤ ਸਿੰਘ ਛੜਬੜ੍ਹ, ਕੇਸਰ ਸਿੰਘ ਬਖਸ਼ੀਵਾਲਾ, ਸਾਬਕਾ ਕੌਂਸਲ ਪ੍ਰਧਾਨ ਹਰਬੰਸ ਲਾਲ, ਲਾਭ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲਛਮਣ ਸਿੰਘ ਚੰਗੇਰਾ, ਯੂਥ ਪੑਧਾਨ ਸੋਨੂ ਸੰਧੂ, ਹੀਰਾ ਭਾਊ, ਜਸਵੀਰ ਸਿੰਘ ਜੱਸਾ ਸੰਧੂ, ਬਿੱਕਰਮਜੀਤ ਸਿੰਘ ਗੀਗੇ ਮਾਜਰਾ, ਇੰਸ. ਮਹਿੰਦਰ ਸਿੰਘ, ਡੈਂਟੀ ਵਾਲੀਆਂ, ਹਨੀ ਕੰਬੋਜ ਆਦਿ ਵੀ ਮੌਜੂਦ ਸਨ। ਸੁਖਬੀਰ ਬਾਦਲ ਦੇ ਆਉਣ ਮੌਕੇ ਵੱਡੀ ਗਿਣਤੀ ਵਿੱਚ ਮੋਟਰਸਾਈਕਲ ਸਵਾਰਾਂ ਦਾ ਕਾਫ਼ਲਾ ਉਨ੍ਹਾਂ ਨੂੰ ਪੰਡਾਲ ਤੱਕ ਲੈਕੇ ਆਇਆ।