Punjab Election 2022: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election 2022) ਵਿੱਚ ਜਿੱਤ ਪ੍ਰਾਪਤੀ ਲਈ ਭਾਰਤੀ ਜਨਤਾ ਪਾਰਟੀ (Bharatiya Janata Party) ਨੇ ਮੰਗਲਵਾਰ ਪੇਂਡੂ ਖੇਤਰਾਂ ਦੇ ਵੋਟਰਾਂ ਨੂੰ ਲੁਭਾਉਣ ਲਈ ਸੰਕਲਪ ਪੱਤਰ (BJP Rural Manifesto) ਜਾਰੀ ਕੀਤਾ ਹੈ। ਐਨਡੀਏ ਵੱਲੋਂ ਜਾਰੀ ਪੱਤਰ ਵਿੱਚ 11 ਸੰਕਲਪ ਕੀਤੇ ਗਏ ਹਨ। ਮਨੋਰਥ ਪੱਤਰ ਜਾਰੀ ਕਰਨ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਭਾਜਪਾ ਬੁਲਾਰਾ ਸੁਭਾਸ਼ ਸ਼ਰਮਾ ਅਤੇ ਹੋਰ ਹਾਜ਼ਰ ਸਨ। ਹਾਲਾਂਕਿ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਿਸੇ ਕਾਰਨ ਇਸ ਮੌਕੇ ਹਾਜ਼ਰ ਨਹੀਂ ਹੋ ਸਕੇ।
ਸੰਕਲਪ ਪੱਤਰ ਜਾਰੀ ਕਰਨ ਮੌਕੇ ਗਜੇਂਦਰ ਸ਼ੇਖਾਵਤ ਨੇ ਸੰਬੋਧਨ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਇੱਕ ਸਮੇਂ ਦੇਸ਼ ਵਿੱਚ ਅੰਨ ਵਿਦੇਸ਼ੋਂ ਮੰਗਵਾਇਆ ਜਾਂਦਾ ਸੀ, ਪਰੰਤੂ ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਅਤੇ ਦੇਸ਼ ਨੂੰ ਸਭ ਤੋਂ ਵੱਡੇ ਅੰਨ ਭੰਡਾਰ ਦੇਸ਼ਾਂ ਵਿੱਚ ਮੋਹਰੀ ਸ਼੍ਰੇਣੀ ‘ਚ ਖੜਾ ਕੀਤਾ ਅਤੇ ਅੱਜ ਭਾਰਤ ਅੰਨ ਨਿਰਯਾਤ ਕਰਨ ਵਾਲਾ ਦੇਸ਼ ਹੈ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਪੰਜਾਬ ਦੇ ਪਿੰਡਾਂ ਦੇ ਕਿਸਾਨਾਂ ਅਤੇ ਮਜਦੂਰਾਂ ਨਾਲ ਜਿਹੜੇ ਵਾਅਦੇ ਕੀਤੇ ਹਨ, ਉਨ੍ਹਾਂ ਸੰਕਲਪਾਂ ਨੂੰ ਲੈ ਕੇ ਚੋਣਾਂ ਵਿੱਚ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਨੇ ਕਿਸਾਨ ਭਲਾਈ ਲਈ 10 ਸਿਫਾਰਸ਼ਾਂ ਕੀਤੀਆਂ ਸਨ ਅਤੇ ਸਵਾਮੀਨਾਥਨ ਨੇ ਖੁਦ ਕਿਹਾ ਸੀ ਕਿ ਮੋਦੀ ਸਰਕਾਰ ਨੇ ਇਨ੍ਹਾਂ ‘ਤੇ ਗੰਭੀਰਤਾ ਨਾਲ ਕੰਮ ਕੀਤਾ ਹੈ।
- ਸੰਕਲਪ ਪੱਤਰ ਜਾਰੀ ਕਰਦਿਆਂ ਪਹਿਲੇ ਵਾਅਦੇ ਵਿੱਚ ਕਿਸਾਨਾਂ ਨੂੰ ਸਹੀ ਮੁੱਲ ਦੇਣ ਦਿੱਤੇ ਜਾਣ ਬਾਰੇ ਕਹਿੰਦਿਆਂ ਕਿਹਾ ਕਿ ਕਣਕ ਅਤੇ ਧਾਨ ਤੋਂ ਇਲਾਵਾ ਦੂਜੀਆਂ ਫਸਲਾਂ ਦਾ ਸਹੀ ਮੁੱਲ ਮਿਲਣਾ ਨਿਸਚਿਤ ਕੀਤਾ ਜਾਵੇਗਾ।
- ਕਿਸਾਨਾਂ ਲਈ 5 ਹਜ਼ਾਰ ਕਰੋੜ ਰੁਪਏ ਦਾ ਕਾਰਪਸ ਫੰਡ ਬਣਾਇਆ ਜਾਵੇਗਾ।
- 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਕੀਤਾ ਜਾਵੇਗਾ ਕਰਜ਼ਾ ਮਾਫ।
- ਸ਼ਾਮਲਾਟ ਵਾਲੀ ਜ਼ਮੀਨ ਖੇਤੀ ਲਈ ਬੇਜ਼ਮੀਨੇ ਕਿਸਾਨਾਂ ਨੂੰ ਦਿੱਤੀ ਜਾਵੇਗੀ।
- ਬੇਜ਼ਮੀਨੇ ਕਿਸਾਨਾਂ ਨੂੰ ਵੀ ਜੋੜਿਆ ਜਾਵੇਗਾ ਕਿਸਾਨ ਸਨਮਾਨ ਯੋਜਨਾ ਨਾਲ।
- ਆਰਗੈਨਿਕ ਖੇਤੀ ਨੂੰ ਉਤਸ਼ਾਹਤ ਕਰਕੇ ਮਾਰਕੀਟਿੰਗ ਵਿੱਚ ਕੀਤੀ ਜਾਵੇਗੀ ਮਦਦ।
- ਹਰ ਖੇਤ ਵਿੱਚ ਸੋਲਰ ਪੈਨਲ ਲਈ ਦਿੱਤੀ ਜਾਵੇਗੀ ਸਬਸਿਡੀ। ਕਿਸਾਨ ਖੁਦ ਕਰ ਸਕੇਗਾ ਬਿਜਲੀ ਉਤਪਾਦਨ।
- ਹਰ ਖੇਤ ਨੂੰ ਪਾਣੀ ਲਈ ਅਟਲ ਭੂਜਲ ਯੋਜਨਾ ਨਾਲ ਜੋੜਿਆ ਜਾਵੇਗਾ।
- ਐਗਰੋ ਬੇਸਡ ਇੰਡਸਟਰੀ ਲਈ ਪੰਜਾਬ ਵਿੱਚ ਐਫਪੀਓ ਰਾਹੀਂ ਖੇਤਾਂ ਤੱਕ ਸਹੂਲਤ ਲੈ ਕੇ ਜਾਵਾਂਗੇ।
- ਕਿਸਾਨਾਂ ਨੂੰ ਉਦਮੀ entrepreneur ਬਣਾਇਆ ਜਾਵੇਗਾ।
- ਪਿੰਡਾਂ ‘ਚ ਅਰੋਗਿਆ ਕੇਂਦਰ ਖੋਲ੍ਹੇ ਜਾਣਗੇ।
- ਹਰ ਪਿੰਡ ਵਿੱਚ 24 ਘੰਟੇ ਬਿਜਲੀ ਅਤੇ ਪੱਕੀ ਸੜਕਾਂ ਬਣਾਈਆਂ ਜਾਣਗੀਆਂ।
- ਪਿੰਡਾਂ ਵਿੱਚ ਖੇਡਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ ਅਤੇ ਉਲੰਪਿਕ ਅਤੇ ਏਸ਼ੀਅਨ ਖੇਡਾਂ ਦੇ ਤਮਗਾ ਜੇਤੂਆਂ ਨੂੰ ਦੂਜੇ ਸੂਬਿਆਂ ਦੀ ਤਰਜ਼ ‘ਤੇ ਇਨਾਮ ਰਾਸ਼ੀ ਦਿੱਤੀ ਜਾਵੇਗੀ।
ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਭਾਜਪਾ ‘ਸਾਡਾ ਪਿੰਡ, ਸਾਡਾ ਮਾਣ’ ਮੰਤਰ ਤਹਿਤ ਕੰਮ ਕਰੇਗੀ।