ਮੂਣਕ, 8 ਫਰਵਰੀ(ਤਨੇਜਾ,ਪ੍ਰਕਾਸ਼)
ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ। ਅੱਜ ਮੂਣਕ ਵਿਚ ਉਨ੍ਹਾਂ ਵਲੋਂ ਘਰ-ਘਰ ਚੋਣ ਪ੍ਰਚਾਰ ਦੌਰਾਨ ਵੱਡਾ ਸ਼ਕਤੀ ਪ੍ਰਦਰਸ਼ਨ ਕਰਕੇ ਲਹਿਰਾ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਦਾ ਦਾਅਵਾ ਠੋਕਿਆ ਗਿਆ। ਮੂਣਕ ਦੇ ਬਾਜ਼ਾਰਾਂ ਅਤੇ ਵੱਖ-ਵੱਖ ਵਾਰਡਾਂ ਵਿਚ ਉਨ੍ਹਾਂ ਹਰੇਕ ਵੋਟਰ ਤੱਕ ਨਿੱਜੀ ਪਹੁੰਚ ਕਰਕੇ ਅਕਾਲੀ-ਬਸਪਾ ਦੇ ਨੀਤੀ ਪ੍ਰੋਗਰਾਮ ਤੋਂ ਜਾਣੂ ਕਰਵਾਉਂਦਿਆਂ ਆਖਿਆ ਕਿ ਅਕਾਲੀ-ਬਸਪਾ ਗਠਜੋੜ ਪੰਜਾਬ ਵਿਚ ਸਥਿਰ ਤੇ ਭਾਈਚਾਰਕ ਏਕਤਾ ਵਾਲੀ ਸਰਕਾਰ ਦੇਵੇਗਾ, ਜਿੱਥੇ ਵਿਕਾਸ ਦਾ ਨਵਾਂ ਯੁੱਗ ਆਰੰਭ ਹੋਵੇਗਾ। ਉਨ੍ਹਾਂ ਕਿਹਾ ਕਿ ਲਹਿਰਾ ਹਲਕੇ ਦੇ ਲੋਕਾਂ ਨਾਲ ਕਾਂਗਰਸ ਨੇ ਸਦਾ ਹੀ ਵਿਤਕਰਾ ਕੀਤਾ ਅਤੇ ਹਮੇਸ਼ਾ ਅਕਾਲੀ ਸਰਕਾਰ ਨੇ ਹੀ ਇਸ ਹਲਕੇ ਦੀ ਨੁਹਾਰ ਸੰਵਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਵਿਕਾਸ ਦੇ ਲਈ ਅਕਾਲੀ-ਬਸਪਾ ਸਰਕਾਰ ਵੱਡੇ ਬਹੁਮਤ ਨਾਲ ਜਿਤਾਉਣ ਦਾ ਮਨ ਬਣਾ ਚੁੱਕੇ ਹਨ ਬੱਸ ਜਿੱਤ ਦਾ ਐਲਾਨ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਬਣਨ ‘ਤੇ ਲਹਿਰਾ ਵਿਚ ਵੱਡੇ ਉਦਯੋਗ ਸਥਾਪਿਤ ਕੀਤੇ ਜਾਣਗੇ, ਜਿਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
ਇਸ ਮੌਕੇ ਭਾਈ ਲੌਂਗੋਵਾਲ ਦੇ ਹੱਕ ‘ਚ ਚੋਣ ਪ੍ਰਚਾਰ ਲਈ ਵਿਸ਼ੇਸ਼ ਤੌਰ ‘ਤੇ ਦਿੜ੍ਹਬਾ ਹਲਕੇ ਤੋਂ ਅਕਾਲੀ-ਬਸਪਾ ਉਮੀਦਵਾਰ ਗੁਲਜ਼ਾਰੀ ਮੂਣਕ ਨੇ ਸ਼ਿਰਕਤ ਕੀਤੀ ਤੇ ਭਾਈ ਲੌਂਗੋਵਾਲ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਲਹਿਰਾ ਹਲਕੇ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਵਿਧਾਇਕ ਹੁੰਦਿਆਂ ਵਿਕਾਸ ਕਰਵਾਇਆ ਤੇ ਰਜਬਾਹੇ ਬਣਵਾ ਕੇ ਬੰਜਰ ਜ਼ਮੀਨਾਂ ਆਬਾਦ ਕਰਵਾਈਆਂ ਸਨ ਅਤੇ ਹੁਣ ਉਨ੍ਹਾਂ ਦੇ ਸਿਆਸੀ ਵਾਰਿਸ ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ਹਲਕੇ ਦੀ ਸੇਵਾ ਕਰਨਗੇ।ਇਸ ਮੌਕੇ ਗਿਆਨੀ ਨਰਿੰਜਣ ਸਿੰਘ ਭੂਟਾਲ, ਨਿਰਮਲ ਸਿੰਘ ਕੜੈਲ ਸਾਬਕਾ ਚੇਅਰਮੈਨ, ਗੋਲਡੀ ਚੀਮਾ ਸਾਬਕਾ ਚੇਅਰਮੈਨ, ਜਸਪਾਲ ਸਿੰਘ ਦੇਹਲਾਂ, ਗੁਰਜੰਟ ਸਿੰਘ ਭੂਟਾਲ ਖੁਰਦ, ਮਲਕੀਤ ਸਿੰਘ ਸੈਣੀ ਸਾਬਕਾ ਐਮ.ਸੀ., ਜਗਰਾਜ ਸਿੰਘ ਬਾਗੜੀ, ਗੁਰਜੰਟ ਸਿੰਘ ਸਲੇਮਗੜ੍ਹ, ਜਥੇਦਾਰ ਸੰਪੂਰਨ ਸਿੰਘ ਸਲੇਮਗੜ੍ਹ, ਸ਼ਮਸ਼ੇਰ ਸਿੰਘ ਸ਼ੇਰਾ ਸਰਕਲ ਪ੍ਰਧਾਨ ਸ਼ਹਿਰੀ, ਬਲਜੀਤ ਸਿੰਘ ਗੁੱਡੂ ਸਾਬਕਾ ਐਮ.ਸੀ., ਕੈਪਟਨ ਮਾਂਗਟ ਸਾਬਕਾ ਐਮ.ਸੀ., ਤਰਸੇਮ ਸਿੰਘ ਸਾਬਕਾ ਐਮ.ਸੀ. ਅਤੇ ਰਜਿੰਦਰ ਸਿੰਘ ਸਾਬਕਾ ਐਮ.ਸੀ. ਆਦਿ ਵੀ ਹਾਜ਼ਰ ਸਨ।