ਦੇਸ਼ ਵਿੱਚ ਐੱਸਸੀ ਸਮਾਜ ਦੇ ਹੱਕਾਂ ਲਈ ਬਾਬਾ ਸਾਹਿਬ ਅੰਬੇਡਕਰ ਨਾਲ ਮਿਲ ਕੇ ਦਲਿਤ ਲਹਿਰ ਖੜ੍ਹੀ ਕਰਨ ਵਾਲੇ ਜਲੰਧਰ ਦੇ ਪਹਿਲੇ ਵਿਧਾਇਕ ਸੇਠ ਕਿਸ਼ਨ ਦਾਸ ਦੇ ਪੋਤਰੇ, ਕਰਤਾਰਪੁਰ ਤੇ ਫਿਲੌਰ ਤੋਂ ਵਿਧਾਇਕ ਰਹੇ ਅਤੇ ਸਾਬਕਾ ਰਾਜ ਮੰਤਰੀ ਅਵਿਨਾਸ਼ ਚੰਦਰ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਪੰਜਾਬ ਭਾਜਪਾ ਦੇ ਮਹਾਮੰਤਰੀ ਜੀਵਨ ਗੁਪਤਾ, ਸੁਭਾਸ਼ ਸ਼ਰਮਾ, ਰਾਜੇਸ ਬਾਘਾ, ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਰਾਕੇਸ਼ ਰਾਠੌੜ, ਸਾਬਕਾ ਮੇਅਰ ਸੁਨੀਲ ਜਿਓਤੀ, ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਅਧਿਕਾਰਕ ਤੌਰ ’ਤੇ ਭਾਜਪਾ ’ਚ ਸ਼ਾਮਲ ਕਰਵਾਇਆ।
ਅਵਿਨਾਸ਼ ਚੰਦਰ ਦਾ ਪਰਿਵਾਰ ਮੁੱਖ ਤੌਰ ‘ਤੇ ਸ਼੍ਰੀ ਗੁਰੂ ਰਵਿਦਾਸ ਮੈਮੋਰੀਅਲ ਟਰੱਸਟ ਅਤੇ ਦਲਿਤ ਸਮਾਜ ਦੇ ਪ੍ਰਮੁੱਖ ਸਥਾਨ ਡੇਰਾ ਸਚਖੰਡ ਬੱਲਾਂ ਨਾਲ ਜੁੜਿਆ ਹੋਇਆ ਹੈ। ਪੰਜਾਬ ਦੇ ਇਤਿਹਾਸ ‘ਚ ਬਾਬਾ ਸਾਹਿਬ ਅੰਬੇਡਕਰ ਸਿਰਫ ਇਕ ਵਾਰ ਆਏ ਸਨ ਅਤੇ ਅਵਿਨਾਸ਼ ਚੰਦਰ ਦੇ ਜੱਦੀ ਘਰ ਬੂਟਾ ਮੰਡੀ ‘ਚ ਦੋ ਦਿਨ ਠਹਿਰੇ ਸਨ। ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਨਾਲ ਵੀ ਇਸ ਪਰਿਵਾਰ ਦਾ ਬਹੁਤ ਲਗਾਅ ਰਿਹਾ ਅਤੇ ਬਹੁਜਨ ਸਮਾਜ ਅਤੇ ਬਹੁਜਨ ਸਮਾਜ ਪਾਰਟੀ ਲਈ ਕਈ ਦਹਾਕਿਆਂ ਤੱਕ ਇਕੱਠੇ ਕੰਮ ਕੀਤਾ।
ਅਵਿਨਾਸ਼ ਚੰਦਰ ਦੇ ਭਾਜਪਾ ‘ਚ ਸ਼ਾਮਿਲ ਹੋਣ ‘ਤੇ ਭਾਜਪਾ ਆਗੂਆਂ ਨੇ ਕਿਹਾ ਕਿ ਜੇਕਰ ਉਹ ਭਾਜਪਾ ਪਰਿਵਾਰ ‘ਚ ਸ਼ਾਮਿਲ ਹੋਣਗੇ ਤਾਂ ਪਾਰਟੀ ਸੰਗਠਨ ਹੋਰ ਮਜਬੂਤ ਹੋਵੇਗਾ ਅਤੇ ਅਸੀਂ ਇਕੱਠੇ ਹੋ ਕੇ ਸਮਾਜ ਦੀ ਤਰੱਕੀ ਲਈ ਹਰ ਕੰਮ ਕਰਾਂਗੇ।ਇਸ ਮੌਕੇ ਅਵਿਨਾਸ਼ ਚੰਦਰ ਨੇ ਭਾਜਪਾ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ | ਜਿਸ ਪਾਰਟੀ ਨੇ ਮੇਰੇ ‘ਤੇ ਵਿਸ਼ਵਾਸ ਪ੍ਰਗਟਾਇਆ ਹੈ, ਮੈਂ ਉਸ ‘ਤੇ ਪੂਰੀ ਤਰ੍ਹਾਂ ਖਰਾ ਉਤਰਾਂਗਾ।
ਉਨ੍ਹਾਂ ਕਿਹਾ ਕਿ ਮੈਨੂੰ ਕੇਂਦਰ ਦੀ ਭਾਜਪਾ ਸਰਕਾਰ ‘ਤੇ ਪੂਰਾ ਭਰੋਸਾ ਹੈ ਕਿ ਮੋਦੀ ਸਰਕਾਰ ਐਸਸੀ ਸਮਾਜ ਦੀਆਂ ਸਾਰੀਆਂ ਸਮੱਸਿਆਵਾਂ ਜਿਵੇਂ ਹਿੰਦੂਆਂ ਲਈ ਰਾਮ ਮੰਦਰ, ਕਾਸ਼ੀ ਵਿਸ਼ਵਨਾਥ ਮੰਦਰ ਅਤੇ ਸਿੱਖਾਂ ਲਈ ਕਰਤਾਰਪੁਰ ਲਾਂਘਾ ਖੋਲ੍ਹਣ, ਪੰਜਾਬੀਆਂ ਨੂੰ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦਾ ਮੌਕਾ ਦੇ ਕੇ ਹੱਲ ਕਰੇਗੀ।